* ‘ਵਿਜੈ ਸੰਕਲਪ ਰੈਲੀ’ ਨੂੰ ਸੰਬੋਧਨ ਕੀਤਾ
ਵਿਲੂਪੁਰਮ (ਤਾਮਿਲਨਾਡੂ), 28 ਫਰਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੰਸ਼ਵਾਦ ਦੀ ਰਾਜਨੀਤੀ ਨੂੰ ਲੈ ਕੇ ਕਾਂਗਰਸ ਅਤੇ ਡੀਐੱਮਕੇ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਬੰਧਤ ਪਾਰਟੀਆਂ ਪਹਿਲਾਂ ਸਿਰਫ਼ ਆਪਣੇ ਪਰਿਵਾਰਾਂ ਬਾਰੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਹੀ ਸੂਬੇ ਵਿੱਚ ਵਿਕਾਸ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਚਿੰਤਤ ਹੈ, ਉੱਥੇ ਡੀਐੱਮਕੇ ਮੁਖੀ ਐੱਮ ਕੇ ਸਟਾਲਿਨ ਆਪਣੇ ਪੁੱਤਰ ਉਦੈਨਿਧੀ ਨੂੰ ਮੁੱਖ ਮੰਤਰੀ ਬਣਾਉਣ ਲਈ ਚਿੰਤਤ ਹਨ।
ਸੂਬੇ ਵਿੱਚ 6 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ‘ਵਿਜੈ ਸੰਕਲਪ ਰੈਲੀ’ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਲੋਕਾਂ ਨੂੰ ‘ਰਾਜਿਆਂ ਤੇ ਮਹਾਰਾਜਿਆਂ ਦੇ ਪੁੱਤਰਾਂ-ਧੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ’ਚੋਂ ਕਿਸੇ ਇੱਕ ਨੂੰ ਚੁਣਨ ਲਈ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਡੀਐੱਮਕੇ-ਕਾਂਗਰਸ ਗੱਠਜੋੜ ‘ਵੰਸ਼ਵਾਦ ਦੀ ਰਾਜਨੀਤੀ’ ਵਿੱਚ ਯਕੀਨ ਰੱਖਦਾ ਹੈ। ਉਨ੍ਹਾਂ ਬਾਲਾਕੋਟ ਹਵਾਈ ਹਮਲੇ ਵੱਲ ਸੰਕੇਤ ਕਰਦਿਆਂ ਕਿਹਾ,‘ ਇੱਕ ਪਾਸੇ ਐੱਨਡੀਏ ਹੈ, ਜੋ ਭਾਰਤ ਦੀ ਰਾਖੀ ਕਰਦਾ ਹੈ।
ਅੱਜ ਕੋਈ ਵੀ ਭਾਰਤ ਦੀਆਂ ਸਰਹੱਦਾਂ ’ਤੇ ਕੁਝ ਵੀ ਕਰਨ ਦਾ ਹੌਸਲਾ ਨਹੀਂ ਕਰ ਸਕਦਾ। ਪਾਕਿਸਤਾਨ ਉੜੀ, ਪੁਲਵਾਮਾ ’ਚ ਕੁਝ ਕੀਤਾ ਤਾਂ ਨਰਿੰਦਰ ਮੋਦੀ ਨੇ ਫ਼ੌਜ ਨੂੰ ਹੁਕਮ ਦੇ ਕੇ ਉਨ੍ਹਾਂ ਦੇ ਘਰ ’ਚ ਘੁਸ ਕੇ ਉਨ੍ਹਾਂ ਨੂੰ ਸਬਕ ਸਿਖਾਇਆ।’ ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਲੋਕਾਂ ਨੇ ਹੁਣ ਆਪਣਾ ਮਨ ਬਣਾਉਣਾ ਹੈ ਕਿ ਉਨ੍ਹਾਂ ਦੋਵਾਂ ਗੱਠਜੋੜਾਂ ’ਚ ਕਿਸਨੂੰ ਚੁਣਨਾ ਹੈ। ਉਨ੍ਹਾਂ ਕਿਹਾ ਕਿ ਏਆਈਏਡੀਐੱਮਕੇ-ਭਾਜਪਾ ਗੱਠਜੋੜ ਉਨ੍ਹਾਂ ਦੀ ਪਾਰਟੀ ਤੋਂ ਇਲਾਵਾ ਸਵਰਗੀ ਮੁੱਖ ਮੰਤਰੀਆਂ- ਐੱਮ ਜੀ ਰਾਮਚੰਦਰਨ ਤੇ ਜੇ. ਜੈਲਲਿਤਾ ਦੀਆਂ ਨੀਤੀਆਂ ’ਤੇ ਕੰਮ ਕਰੇਗਾ। -ਪੀਟੀਆਈ