ਭੁਵਨੇਸ਼ਵਰ/ਕੋਰਾਪੁਟ, 3 ਸਤੰਬਰ
ਉੜੀਸਾ ਦੇ ਇੱਕ ਹੋਰ ਕਬਾਇਲੀ ਸਮੂਹ ਨੇ ਉਸ ਮਹਿਲਾ ਸਮਾਜਿਕ ਕਾਰਕੁਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਨੇ ਕਥਿਤ ਤੌਰ ’ਤੇ ਪਦਮਸ੍ਰੀ ਤੇ ਕਬਾਇਲੀਆਂ ’ਚ ਸਤਿਕਾਰਤ ਕਮਲਾ ਪੁਜਾਰੀ ਨੂੰ ਬਿਮਾਰੀ ਦੀ ਹਾਲਤ ’ਚ ਉਸ ਸਮੇਂ ਨੱਚਣ ਲਈ ਮਜਬੂਰ ਕੀਤਾ ਜਦੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਰਹੀ ਸੀ। ਪੁਜਾਰੀ ਨੂੰ ਕਬਾਇਲੀ ਲੋਕਾਂ ’ਚ ਜੈਵਿਕ ਖੇਤੀ ਲਈ ਕੰਮ ਕਰਨ ਵਾਸਤੇ ਜਾਣਿਆ ਜਾਂਦਾ ਹੈ। ਇਸ ਮੁੱਦੇ ’ਤੇ ਲੋਕਾਂ ਵੱਲੋਂ ਰੋਸ ਜਤਾਏ ਜਾਣ ਮਗਰੋਂ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਦੇ ਹਸਪਤਾਲ ਦੇ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਲਈ ਪ੍ਰੋ. ਜੈਅੰਤ ਪਾਂਡਾ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਹੈ। ਕਮੇਟੀ ’ਚ ਐੱਸਸੀਬੀਐੱਮਸੀਐੱਚ ਦੇ ਰਜਿਸਟਰਾਰ, ਅਵਿਨਾਸ਼ ਰਾਊਤ ਸ਼ਾਮਲ ਹਨ ਤੇ ਇਹ ਕਮੇਟੀ ਹਸਪਤਾਲ ਦੇ ਇੰਚਾਰਜ ਨੂੰ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਸਬੰਧਤ ਮਹਿਲਾ ਜੇਪੋਰ ਤੋਂ ਹੀ ਪੁਜਾਰੀ ਨਾਲ ਆਈ ਸੀ। ਦੂਜੇ ਪਾਸੇੇ ਪਰਾਜਾ ਭਾਈਚਾਰੇ ਤੋਂ ਬਾਅਦ ਭੂਮੀਆ ਕਬਾਇਲੀ ਭਾਈਚਾਰੇ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। -ਪੀਟੀਆਈ