ਠਾਣੇ, 18 ਜੂਨ
ਠਾਣੇ ਦੀ ਇਕ ਅਦਾਲਤ ਨੇ ਆਰਐੱਸਐੱਸ ਦੇ ਇਕ ਕਾਰਕੁਨ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸ਼ਨਿਚਰਵਾਰ ਨੂੰ ਪੇਸ਼ ਹੋਣ ਤੋਂ ਛੋਟ ਦੇ ਦਿੱਤੀ। ਗਾਂਧੀ ਦੇ ਵਕੀਲ ਨਾਰਾਇਣ ਅਈਅਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਿਵੰਡੀ ਦੇ ਨਿਆਂਇਕ ਮੈਜਿਸਟਰੇਟ (ਪਹਿਲੀ ਸ਼੍ਰੇਣੀ) ਐੱਲ.ਸੀ. ਵਾਡਕਰ ਨੇ ਦਿਨ ਲਈ ਛੋਟ ਦਿੱਤੇ ਜਾਣ ਦੀ ਅਪੀਲ ਸਬੰਧੀ ਅਰਜ਼ੀ ਮਨਜ਼ੂਰ ਕਰ ਲਈ ਅਤੇ ਮਾਮਲੇ ਦੀ ਸੁਣਵਾਈ 6 ਅਗਸਤ ਤੱਕ ਮੁਲਤਵੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਰਾਹੁਲ ਨੇ ਆਪਣੀ ਅਰਜ਼ੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ਵਿੱਚ ਦਾਖ਼ਲ ਹਨ, ਇਸ ਵਾਸਤੇ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਦਿੱਤੀ ਜਾਵੇ।
ਅਦਾਲਤ ਨੇ ਪੇਸ਼ ਹੋਣ ਤੋਂ ਛੋਟ ਸਬੰਧੀ ਸ਼ਿਕਾਇਤਕਰਤਾ ਰਾਜੇਸ਼ ਕੁੰਟੇ ਦੀ ਅਰਜ਼ੀ ਨੂੰ ਵੀ ਮਨਜ਼ੂਰ ਕਰ ਲਿਆ। ਕੁੰਟੇ ਨੇ ਕਿਹਾ ਸੀ ਕਿ ਡਿੱਗਣ ਕਾਰਨ ਉਸ ਦੇ ਪੈਰ ਵਿੱਚ ‘ਫਰੈਕਚਰ’ ਹੋਇਆ ਹੈ। -ਪੀਟੀਆਈ