ਪੁਣੇ (ਮਹਾਰਾਸ਼ਟਰ), 1 ਜਨਵਰੀ
ਤਰਕਸ਼ੀਲ ਨਰੇਂਦਰ ਦਾਭੋਲਕਰ ਦੇ ਕਤਲ ਮਾਮਲੇ ਵਿੱਚ ਬਚਾਅ ਪੱਖ ਵੱਲੋਂ ਪੁਣੇ ਦੀ ਇੱਕ ਅਦਾਲਤ ’ਚ ਸ਼ਨਿਚਰਵਾਰ ਨੂੰ ਉਨ੍ਹਾਂ ਦੇ ਬੇਟੇ ਹਾਮਿਦ ਦਾਭੋਲਕਰ ਤੋਂ ਸਵਾਲ-ਜਵਾਬ ਪ੍ਰਕਿਰਿਆ (ਕਰਾਸ ਐਗਜ਼ਾਮੀਨੇਸ਼ਨ) ਪੂਰੀ ਕਰ ਲਈ ਗਈ ਹੈ। ਕੇਸ ਦੀ ਅਗਲੀ ਸੁਣਵਾਈ 15 ਜਨਵਰੀ ਹੋਣੀ ਹੈ। ਜ਼ਿਕਰਯੋਗ ਹੈ ਕਿ 20 ਅਗਸਤ 2013 ਨੂੰ ਓਮਕਾਰੇਸ਼ਵਰ ਪੁਲ ’ਤੇ ਗੋਲੀ ਮਾਰ ਕੇ ਨਰੇਂਦਰ ਦਾਭੋਲਕਰ ਦੀ ਹੱਤਿਆ ਕਰ ਦਿੱਤੀ ਗਈ ਸੀ। ਬਚਾਅ ਧਿਰ ਦੇ ਵਕੀਲ ਪ੍ਰਕਾਸ਼ ਸਾਲਸਿੰਗੀਕਰ ਨੇ ਦੱਸਿਆ ਕਿ ਕਰਾਸ ਐਗਜ਼ਾਮੀਨੇਸ਼ਨ ਦੌਰਾਨ ਹਾਮਿਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਵੱਖ-ਵੱਖ ਜਥੇਬੰਦੀਆਂ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਮਿਦ ਨੇ ਸਨਾਤਨ ਸੰਸਥਾ ਦੇ ਹੈੱਡਕੁਆਰਟਰ ਬਾਰੇ ਜਾਣਕਾਰੀ ਹੋਣ ਜਾਂ ਉਸ ਵੱਲੋਂ ਇਸ ਦੇ ਨਿਯਮਾਂ ਬਾਰੇ ਪੜ੍ਹੇ ਹੋਣ ਤੋਂ ਵੀ ਇਨਕਾਰ ਕੀਤਾ ਹੈ। ਸਨਾਤਨ ਸੰਸਥਾ ਉਨ੍ਹਾਂ ਜਥੇਬੰਦੀਆਂ ਵਿੱਚੋਂ ਇੱਕ ਹੈ, ਜਿਹੜੀਆਂ ਨਰੇਂਦਰ ਦਾਭੋਲਕਰ ਦੇ ਕੰਮ ਦਾ ਕਥਿਤ ਵਿਰੋਧ ਕਰਦੀਆਂ ਸਨ। ਸਾਲਸਿੰਗੀਕਰ ਮੁਤਾਬਕ ਹਾਮਿਦ ਨੇ ਆਪਣੇ ਪਿਤਾ ਦੀਆਂ ਵਿੱਤੀ ਟਰਾਂਜੈਕਸ਼ਨਾਂ ਅਤੇ ਹੋਰ ਲੈਣ-ਦੇਣ ਸਬੰਧੀ ਜਾਣਕਾਰੀ ਹੋਣ ਤੋਂ ਵੀ ਇਨਕਾਰ ਕੀਤਾ ਹੈ। -ਪੀਟੀਆਈ