ਧਾਰਾ 370 ਹਟਾਏ ਜਾਣ ਦੀ ਵਰ੍ਹੇਗੰਢ ਤੋਂ ਪਹਿਲਾਂ ਸ੍ਰੀਨਗਰ ਵਿਚ ਕਰਫਿਊ ਲਗਾਇਆ

ਵਿਸ਼ੇਸ਼ ਦਰਜਾ ਹਟਾਉਣ ਨਾਲ ‘ਕਸ਼ਮੀਰ ਮੁੱਦੇ ਦੀ ਅਸਲੀਅਤ ਨਹੀਂ ਬਦਲੇਗੀ’: ਹੁਰੀਅਤ

ਧਾਰਾ 370 ਹਟਾਏ ਜਾਣ ਦੀ ਵਰ੍ਹੇਗੰਢ ਤੋਂ ਪਹਿਲਾਂ ਸ੍ਰੀਨਗਰ ਵਿਚ ਕਰਫਿਊ ਲਗਾਇਆ

ਸ੍ਰੀਨਗਰ ਵਿੱਚ ਲੱਗੇ ਕਰਫਿਊ ਦੀ ਫਾਈਲ ਫੋਟੋ।

ਸ੍ਰੀਨਗਰ, 3 ਅਗਸਤ

ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਦੀ ਪਹਿਲੀ ਵਰ੍ਹੇਗੰਢ ਮੌਕੇ ਹਿੰਸਕ ਮੁਜ਼ਾਹਰਿਆਂ ਦੇ ਖ਼ਦਸ਼ਿਆਂ ਦੇ ਮੱਦੇਨਜ਼ਰ ਸ੍ਰੀਨਗਰ ਵਿਚ ਪ੍ਰਸ਼ਾਸਨ ਨੇ ਕਰਫ਼ਿਊ ਲਾ ਦਿੱਤਾ ਹੈ। ਸ੍ਰੀਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ਕਰਫ਼ਿਊ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। ਇਹ ਚਾਰ ਤੇ ਪੰਜ ਅਗਸਤ ਨੂੰ ਲੱਗਾ ਰਹੇਗਾ। ਸ੍ਰੀਨਗਰ ਦੇ ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੂੰ ਕੁਝ ‘ਖ਼ਾਸ ਸੂਚਨਾਵਾਂ’ ਮਿਲੀਆਂ ਹਨ। ਵੱਖਵਾਦੀ ਤੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਸਮੂਹ ਪੰਜ ਅਗਸਤ ਨੂੰ ‘ਕਾਲੇ ਦਿਨ’ ਵਜੋਂ ਮਨਾਉਣ ਦੀ ਤਿਆਰੀ ਕਰ ਰਹੇ ਹਨ। ਇਸ ਮੌਕੇ ਹਿੰਸਕ ਗਤੀਵਿਧੀਆਂ ਜਾਂ ਮੁਜ਼ਾਹਰਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਤੇ ਸੰਪਤੀ ਨੂੰ ਖ਼ਤਰਾ ਹੈ। ਚੌਧਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਇਕੱਠ ਕੋਵਿਡ ਦੇ ਮੱਦੇਨਜ਼ਰ ਠੀਕ ਨਹੀਂ ਹੋਵੇਗਾ। ਮੈਡੀਕਲ ਐਮਰਜੈਂਸੀ ਅਤੇ ਕੋਵਿਡ-19 ਡਿਊਟੀ ਉਤੇ ਤਾਇਨਾਤ ਸਟਾਫ਼ ਨੂੰ ਜਾਣ ਦਿੱਤਾ ਜਾਵੇਗਾ। ਮੀਰਵਾਈਜ਼ ਉਮਰ ਫ਼ਾਰੂਕ ਦੀ ਅਗਵਾਈ ਵਾਲੀ ਹੁਰੀਅਤ ਕਾਨਫ਼ਰੰਸ ਨੇ ਦੋਸ਼ ਲਾਇਆ ਹੈ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਨਾਲ ‘ਕਸ਼ਮੀਰ ਮੁੱਦੇ ਦੀ ਅਸਲੀਅਤ ਨਹੀਂ ਬਦਲੇਗੀ।’ ਉਨ੍ਹਾਂ ਕਿਹਾ ਕਿ ਇਕਪਾਸੜ ਫ਼ੈਸਲੇ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਵਿਚ ਰੋਸ ਹੀ ਵਧਿਆ ਹੈ ਤੇ ਉਹ ਰੋਸ ਪ੍ਰਗਟਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਸ਼ਾਂਤੀ ਨਾਲ ਸੁਲਝਾਉਣ ਦੀ ਲੋੜ ਬਰਕਰਾਰ ਰਹੇਗੀ ਤੇ ਹੁਰੀਅਤ ਨੇ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਵਿਚ ਰੱਖਦਿਆਂ ਹਮੇਸ਼ਾ ਇਸ ਪੱਖ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਇਸ ਮੁੱਦੇ ਉਤੇ ਜਲਦੀ ਗੱਲਬਾਤ ਆਰੰਭਣੀ ਚਾਹੀਦੀ ਹੈ ਤਾਂ ਕਿ ਸਥਾਈ ਤੇ ਸ਼ਾਂਤੀਪੂਰਨ ਹੱਲ ਨਿਕਲੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All