ਨਵੀ ਦਿੱਲੀ, 29 ਦਸੰਬਰ
ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਕੋਵਿਡ-19 ਕਾਰਨ ਦੇਸ਼ ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ 70 ਫ਼ੀਸਦੀ ਮੌਤਾਂ ਪੁਰਸ਼ਾਂ ਦੀਆਂ ਹੋਈਆਂ ਹਨ ਜਦਕਿ ਮਰਨ ਵਾਲਿਆਂ ਵਿੱਚ 45 ਫ਼ੀਸਦੀ ਦੀ ਉਮਰ 60 ਤੋਂ ਘੱਟ ਸੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਕੋਵਿਡ-19 ਦੇ ਕੁੱਲ ਕੇਸਾਂ ’ਚ 73 ਫ਼ੀਸਦੀ ਕੇਸ ਪੁਰਸ਼ਾਂ ’ਚ ਜਦਕਿ 37 ਫ਼ੀਸਦੀ ਮਹਿਲਾਵਾਂ ’ਚ ਪਾਏ ਗਏ। ਉਨ੍ਹਾਂ ਮੁਤਾਬਕ, ‘ਅੱਠ ਫ਼ੀਸਦੀ ਕੇਸ 17 ਸਾਲ ਤੋਂ ਘੱਟ ਉਮਰ ਦੇ ਲੋਕਾਂ ’ਚ, 13 ਫ਼ੀਸਦੀ ਕੇਸ 18-25 ਸਾਲ ਦੇ ਲੋਕਾਂ ’ਚ, 39 ਫ਼ੀਸਦੀ ਕੇਸ 26 ਤੋਂ 44 ਸਾਲ, 26 ਫ਼ੀਸਦੀ ਕੇਸ 45 ਤੋਂ 60 ਸਾਲ ਵਰਗ ਜਦਕਿ 14 ਫ਼ੀਸਦੀ ਕੇਸ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਚ ਪਾਏ ਗਏ। ਭੂਸ਼ਣ ਨੇ ਦੱਸਿਆ ਕਿ ਕੋਵਿਡ-19 ਕਾਰਨ ਹੁਣ ਤੱਕ 45 ਫ਼ੀਸਦੀ ਮੌਤਾਂ 60 ਤੋਂ ਘੱਟ ਉਮਰ ਦੇ ਜਦਕਿ 70 ਫ਼ੀਸਦੀ ਮੌਤਾਂ 60 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਦੀਆਂ ਹੋਈਆਂ। ਲੱਗਪਗ 55 ਫ਼ੀਸਦੀ ਮੌਤਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ, 33 ਫ਼ੀਸਦੀ ਮੌਤਾਂ 45 ਤੋਂ 60 ਸਾਲ, 10 ਫ਼ੀਸਦੀ ਮੌਤਾਂ 26 ਤੋਂ 44 ਸਾਲ ਵਰਗ ਦੇ ਲੋਕਾਂ ਦੀਆਂ ਹੋਈਆਂ ਜਦਕਿ ਕੋਵਿਡ-19 ਕਾਰਨ 18 ਤੋਂ 25 ਸਾਲ ਅਤੇ 17 ਸਾਲ ਤੋਂ ਘੱਟ ਉਮਰ ਲੋਕਾਂ ਦੀ ਮੌਤ ਦਰ ਇੱਕ-ਇੱਕ ਫ਼ੀਸਦੀ ਸੀ। -ਪੀਟੀਆਈ