ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਦੱਸਿਆ ਕਿ ਨੀਟ-ਪੀਜੀ ਕੌਂਸਲਿੰਗ 12 ਜਨਵਰੀ ਤੋਂ ਸ਼ੁਰੂ ਹੋਵੇਗੀ। ਸੁਪਰੀਮ ਕੋਰਟ ਨੇ ਸੱਤ ਜਨਵਰੀ ਦੇ ਆਪਣੇ ਅੰਤ੍ਰਿਮ ਹੁਕਮ ਵਿਚ ਨੀਟ-ਪੀਜੀ ਲਈ ਮੈਡੀਕਲ ਕੌਂਸਲਿੰਗ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਇਹ ਦਾਖਲੇ 2021-22 ਲਈ ਕੀਤੇ ਜਾਣੇ ਹਨ। ਹੁਕਮ ਵਿਚ 27 ਪ੍ਰਤੀਸ਼ਤ ਓਬੀਸੀ ਤੇ ਦਸ ਪ੍ਰਤੀਸ਼ਤ ਈਡਬਲਿਊਐੱਸ ਕੋਟਾ ਜਾਰੀ ਰੱਖਣ ਲਈ ਵੀ ਕਿਹਾ ਗਿਆ ਸੀ। ਮੰਤਰੀ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਰੈਜ਼ੀਡੈਂਟ ਡਾਕਟਰਾਂ ਨੂੰ ਦਾਖਲਾ ਸ਼ੁਰੂ ਕਰਨ ਬਾਰੇ ਭਰੋਸਾ ਦਿਵਾਇਆ ਸੀ ਤੇ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਨੀਟ-ਪੀਜੀ ਕੌਂਸਲਿੰਗ 12 ਜਨਵਰੀ ਤੋਂ ਸ਼ੁਰੂ ਹੋਵੇਗੀ। ਮੈਡੀਕਲ ਕੌਂਸਲਿੰਗ ਕਮੇਟੀ ਵੱਲੋਂ ਇਹ ਸਾਰੀ ਪ੍ਰਕਿਰਿਆ ਸਿਰੇ ਚੜ੍ਹਾਈ ਜਾਵੇਗੀ। ਮਾਂਡਵੀਆ ਨੇ ਸਾਰੇ ਉਮੀਦਵਾਰਾਂ ਨੂੰ ਸ਼ੁੱਭ ਇੱਛਾਵਾਂ ਵੀ ਦਿੱਤੀਆਂ। -ਪੀਟੀਆਈ