ਨਵੀਂ ਦਿੱਲੀ, 6 ਮਈ
ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਅੱਜ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਵੈਕਸੀਨ ਤੇ ਦਵਾਈਆਂ ਦੇ ਉਤਪਾਦਨ ਲਈ ਲੋੜੀਂਦੇ ਸਾਰੇ ਪੇਟੈਂਟਾਂ ਲਈ ਤੁਰੰਤ ਲਾਇਸੈਂਸ ਜਾਰੀ ਕੀਤੇ ਜਾਣ, ਜਿਵੇਂ ਕਿ ਅਮਰੀਕਾ ਵਿਚ ਕੀਤਾ ਗਿਆ ਹੈ। ਰਮੇਸ਼ ਨੇ ਟਵਿੱਟਰ ’ਤੇ ਕਿਹਾ, ‘‘ਕੋਵਿਡ-19 ਵਿਰੋਧੀ ਵੈਕਸੀਨਾਂ ’ਤੇ ਬੌਧਿਕ ਸੰਪਤੀ ਦੇ ਅਧਿਕਾਰਾਂ ਵਿੱਚ ਛੋਟ ਦਾ ਅਮਰੀਕਾ ਨੇ ਸਮਰਥਨ ਕੀਤਾ ਹੈ। ਆਸ ਕਰਦਾ ਹਾਂ ਕਿ ਤੁਸੀਂ ਇਸ ਵੱਲ ਗੰਭੀਰਤਾ ਨਾਲ ਵਿਚਾਰ ਕਰੋਗੇ @ਪਿਯੂਸ਼ ਗੋਇਲ। ਇਹ ਸਾਡੇ ਵੱਲੋਂ ਵਿਸ਼ਵ ਵਪਾਰ ਸੰਸਥਾ ਵਿਚ ਅਖ਼ਤਿਆਰ ਕੀਤੇ ਗਏ ਰੁਖ਼ ਦਾ ਨਤੀਜਾ ਹੈ।’’ ਉਨ੍ਹਾਂ ਕਿਹਾ, ‘‘ਕੇਂਦਰ ਸਰਕਾਰ ਨੂੰ ਪੇਟੈਂਟਸ ਐਕਟ ਦੀ ਧਾਰਾ 92 ਤੇ 100 ਅਧੀਨ ਉਪਕਰਨਾਂ ਤੇ ਵੈਕਸੀਨਾਂ ਲਈ ਲੋੜੀਂਦੇ ਸਾਰੇ ਕੱਚੇ ਮਾਲ ਸਮੇਤ ਵੈਕਸੀਨ ਤੇ ਦਵਾਈਆਂ ਦੇ ਉਤਪਾਦਨ ਲਈ ਲੋੜੀਂਦੇ ਸਾਰੇ ਪੇਟੈਂਟਾਂ ਨੂੰ ਆਸਾਨੀ ਨਾਲ ਲਾਇਸੈਂਸ ਦੇਣ ਲਈ ਤੁਰੰਤ ਇਕ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ।’’ -ਪੀਟੀਆਈ