ਨਵੀਂ ਦਿੱਲੀ: ਭਾਜਪਾ ਉਤੇ ਅਤਿਵਾਦੀਆਂ ਨਾਲ ਸਬੰਧ ਰੱਖਣ ਦਾ ਦੋਸ਼ ਲਾਉਂਦਿਆਂ ਕਾਂਗਰਸ ਨੇ ਅੱਜ ਦੇਸ਼ ਦੇ 23 ਸ਼ਹਿਰਾਂ ਵਿਚ ਮੀਡੀਆ ਕਾਨਫਰੰਸਾਂ ਕੀਤੀਆਂ। ਕਾਂਗਰਸ ਨੇ ਦੋਸ਼ ਲਾਇਆ ਕਿ ਰਾਸ਼ਟਰਵਾਦ ਦੇ ਪਰਦੇ ’ਚ ਭਾਜਪਾ ਦੇਸ਼ ਨੂੰ ਖੋਖ਼ਲਾ ਕਰਨ ਦਾ ਘਿਣਾਉਣਾ ਕੰਮ ਕਰ ਰਹੀ ਹੈ। ਵਿਰੋਧੀ ਧਿਰ ਨੇ ਅੱਜ ਭਗਵਾਂ ਪਾਰਟੀ ਨੂੰ ਸਵਾਲ ਕੀਤਾ ਕਿ ਉਹ ਇਸ ਗੱਲ ਉਤੇ ਮੰਥਨ ਕਰਨ ਕਿ ਕਿਵੇਂ ਅਜਿਹੇ ਤੱਤ ਪਾਰਟੀ ਵਿਚ ਦਾਖਲ ਹੋ ਗਏ ਹਨ। ਉਨ੍ਹਾਂ ਭਾਜਪਾ ਤੋਂ ਸਪੱਸ਼ਟੀਕਰਨ ਵੀ ਮੰਗਿਆ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਭਾਜਪਾ ਦਾ ਅਤਿਵਾਦੀਆਂ ਨਾਲ ਨਾਤਾ ਹੈ, ਇਸ ਰਿਸ਼ਤੇ ਨੂੰ ਕੀ ਨਾਂ ਦਿੱਤਾ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਅੱਜ ਪਾਰਟੀ ਦੇ 23 ਨੇਤਾਵਾਂ ਤੇ ਬੁਲਾਰਿਆਂ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਦੇ ‘ਅਤਿਵਾਦੀਆਂ ਨਾਲ ਰਿਸ਼ਤਿਆਂ ਦਾ ਪਰਦਾਫਾਸ਼ ਕੀਤਾ ਹੈ’। ਹਾਲ ਹੀ ਵਿਚ ਜੰਮੂ ਕਸ਼ਮੀਰ ਵਿਚ ਗ੍ਰਿਫ਼ਤਾਰ ਲਸ਼ਕਰ ਦੇ ਇਕ ਅਤਿਵਾਦੀ ਦੀਆਂ ਫੋਟੋਆਂ ਭਾਜਪਾ ਦੇ ਆਗੂਆਂ ਨਾਲ ਸਾਹਮਣੇ ਆਈਆਂ ਸਨ। ਉਦੈਪੁਰ ਹੱਤਿਆ ਕਾਂਡ ਦੇ ਇਕ ਮੁਲਜ਼ਮ ਦੀਆਂ ਫੋਟੋਆਂ ਵੀ ਪਾਰਟੀ ਆਗੂਆਂ ਨਾਲ ਦੇਖਣ ਨੂੰ ਮਿਲੀਆਂ ਸਨ। -ਪੀਟੀਆਈ