ਬਾਰਾਬੰਕੀ(ਯੂਪੀ), 25 ਜੁਲਾਈ
ਇਥੇ ਪੂਰਵਾਂਚਲ ਐਕਸਪ੍ਰੈੱਸ ’ਤੇ ਅੱਜ ਸਵੇਰੇ ਬਿਹਾਰ ਦੇ ਸੀਤਾਮੜੀ ਤੋਂ ਆ ਰਹੀ ਡਬਲ ਡੈੱਕਰ ਬੱਸ ਨੇ ਐੱਕਸਪ੍ਰੈਸਵੇਅ ’ਤੇ ਖੜ੍ਹੀ ਇਕ ਹੋਰ ਡਬਲ ਡੈੱਕਰ ਬੱਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਅੱਠ ਵਿਅਕਤੀ ਹਲਾਕ ਤੇ 16 ਹੋਰ ਜ਼ਖ਼ਮੀ ਹੋ ਗਏ। ਬਾਰਾਬੰਕੀ ਦੇ ਵਧੀਕ ਐੱਸਪੀ ਮਨੋਜ ਪਾਂਡੇ ਨੇ ਦੱਸਿਆ ਕਿ ਹਾਦਸਾ ਨਰੇਂਦਰਪੁਰ ਮਦਰਾਹਾ ਪਿੰਡ ਨਜ਼ਦੀਕ ਵਾਪਰਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਸ਼ਨਾਖਤ ਲਈ ਯਤਨ ਜਾਰੀ ਹਨ ਜਦੋਂਕਿ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਗੰਭੀਰ ਜ਼ਖ਼ਮੀਆਂ ਨੂੰ ਲਖਨਊ ਦੇ ਟਰੌਮਾ ਸੈਂਟਰ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਨ ਦੀ ਹਦਾਇਤ ਕੀਤੀ ਹੈ। -ਪੀਟੀਆਈ