ਨਵੀਂ ਦਿੱਲੀ, 8 ਜੂਨ
ਅਮਰੀਕੀ ਸੈਨਾ ਦੇ ਪ੍ਰਸ਼ਾਂਤ ਖੇਤਰ ਦੇ ਕਮਾਂਡਿੰਗ ਜਨਰਲ ਚਾਰਲਸ ਏ ਫਲੈੱਨ ਨੇ ਅੱਜ ਇੱਥੇ ਕਿਹਾ ਕਿ ਭਾਰਤ ਨਾਲ ਲੱਗਦੀ ਸਰਹੱਦ ਨੇੜੇ ਚੀਨ ਵੱਲੋਂ ਕੁਝ ਰੱਖਿਆ ਬੁਨਿਆਦੀ ਢਾਂਚੇ ਸਥਾਪਤ ਕੀਤੇ ਜਾਣਾ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਹਿੰਦਾ-ਪ੍ਰਸ਼ਾਂਤ ਖੇਤਰ ’ਚ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦਾ ਅਸਥਿਰ ਤੇ ਖਾਰ ਰੱਖਣ ਵਾਲਾ ਵਿਹਾਰ ਮਦਦਗਾਰ ਨਹੀਂ ਹੈ। ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਪੰਜ ਮਈ 2020 ਤੋਂ ਪੂਰਬੀ ਲੱਦਾਖ ’ਚ ਸਰਹੱਦ ’ਤੇ ਸਬੰਧ ਤਣਾਅਪੂਰਨ ਬਣੇ ਹੋਏ ਹਨ ਜਦਕਿ ਪੈਂਗੌਂਗ ਝੀਲ ਵਾਲੇ ਖੇਤਰ ’ਚ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋਈ ਸਨ। ਪਿਛਲੇ ਮਹੀਨੇ ਇਹ ਗੱਲ ਸਾਹਮਣੇ ਆਈ ਸੀ ਕਿ ਚੀਨ ਵੱਲੋਂ ਪੂਰਬੀ ਲੱਦਾਖ ’ਚ ਪੈਂਗੌਂਗ ਝੀਲ ਨੇੜਲੇ ਰਣਨੀਤਕ ਪੱਖ ਤੋਂ ਅਹਿਮ ਖੇਤਰ ’ਚ ਦੂਜਾ ਪੁਲ ਉਸਾਰਿਆ ਜਾ ਰਿਹਾ ਹੈ ਅਤੇ ਇਸ ਨਾਲ ਚੀਨ ਲਈ ਇਸ ਖੇਤਰ ’ਚ ਆਪਣੀਆਂ ਫੌਜਾਂ ਪਹੁੰਚਾਉਣੀਆਂ ਸੌਖੀਆਂ ਹੋ ਜਾਣਗੀਆਂ। ਫਲੈੱਨ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਜਿਸ ਪੱਧਰ ’ਤੇ ਗਤੀਵਿਧੀ ਚੱਲ ਰਹੀ ਹੈ ਇਹ ਅੱਖਾਂ ਖੋਲ੍ਹਣ ਵਾਲੀ ਹੈ ਅਤੇ ਪੱਛਮੀ ਇਲਾਕੇ ’ਚ ਜੋ ਢਾਂਚੇ ਉਸਾਰੇ ਗਏ ਹਨ ਉਹ ਚਿੰਤਾ ਵਾਲੀ ਗੱਲ ਹਨ।’ -ਪੀਟੀਆਈ