ਨਵੀਂ ਦਿੱਲੀ, 28 ਜੂਨ
ਕਾਂਗਰਸ ਨੇ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫ਼ੈਸਲਾ ਲੈਂਦਿਆਂ ਟੀ ਐੱਸ ਦਿਓ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸੀਨੀਅਰ ਆਗੂਆਂ ਨੇ ਛੱਤੀਸਗੜ੍ਹ ‘ਚ ਪਾਰਟੀ ਦੀ ਰਣਨੀਤੀ ਅਤੇ ਚੋਣ ਤਿਆਰੀਆਂ ਬਾਰੇ ਚਰਚਾ ਕੀਤੀ ਹੈ, ਜਿੱਥੇ ਇਸ ਸਾਲ ਦੇ ਅਖੀਰ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇੱਥੇ ਪਾਰਟੀ ਹੈੱਡਕੁਆਰਟਰ ‘ਚ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਨਾਲ ਸੂੁਬੇ ‘ਚ ਪਾਰਟੀ ਇੰਚਾਰਜ ਕੁਮਾਰੀ ਸ਼ੈਲਜਾ ਅਤੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਖੜਗੇ ਨੇ ਕਿਹਾ ਕਿ ਛੱਤੀਸਗੜ੍ਹ ਦੇ ਲੋਕਾਂ ਦੀ ਜ਼ਿੰਦਗੀ ‘ਚ ਬਦਲਾਅ ਲਿਆਉਣ ਲਈ ਪਾਰਟੀ ਮੈਂਬਰ ਮਿਲ ਕੇ ਕੰਮ ਕਰਨਗੇ। ਪਾਰਟੀ ਪ੍ਰਧਾਨ ਨੇ ਟਵੀਟ ਕੀਤਾ, ”ਘੜਬੋ ਨਵਾ ਛੱਤੀਸਗੜ੍ਹ’ ਸਾਡੇ ਲਈ ਸਿਰਫ ਇੱਕ ਨਾਅਰਾ ਨਹੀਂ ਹੈ ਬਲਕਿ ਇਹ ਸੂਬੇ ਦੇ ਵਿਕਾਸ ਅਤੇ ਸਮਾਜਿਕ ਨਿਆਂ ਲਈ ਇੱਕ ਉਦੇਸ਼ ਹੈ। ਛੱਤੀਸਗੜ੍ਹ ਦੇ ਲੋਕਾਂ ਦਾ ਕਾਂਗਰਸ ਵਿੱਚ ਅਟੁੱਟ ਵਿਸਵਾਸ਼ ਵਿਕਾਸ ਦੀ ਧਾਰਾ ਨੂੰ ਲਗਾਤਾਰ ਅੱਗੇ ਵਧਾਉਂਦਾ ਰਹੇਗਾ।” ਉਨ੍ਹਾਂ ਕਿਹਾ, ”ਅਸੀਂ ਛੱਤੀਸਗੜ੍ਹ ਦੇ ਲੋਕਾਂ ਦੀ ਜ਼ਿੰਦਗੀ ‘ਚ ਬਦਲਾਅ ਲਿਆਉਣ ਲਈ ਮਿਲ ਕੇ ਕੰਮ ਕਰਾਂਗੇ। ਮੀਟਿੰਗ ਦੌਰਾਨ ਕਾਂਗਰਸ ਦੀ ਅਗਲੇਰੀ ਰਣਨੀਤੀ ‘ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ‘ਚ ਪਾਰਟੀ ਦੀ ਛੱਤੀਸਗੜ੍ਹ ਇਕਾਈ ਦੇ ਪ੍ਰਧਾਨ ਮੋਹਨ ਮਾਰਕਰਾਮ ਅਤੇ ਟੀ.ਐੱਸ. ਦਿਓ ਸਣੇ ਕਈ ਮੰਤਰੀ ਵੀ ਹਾਜ਼ਰ ਸਨ। ਬਾਅਦ ਵਿੱਚ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਟਵੀਟ ਕੀਤਾ ਕਿ ਪਾਰਟੀ ਵਿਧਾਨ ਸਭਾ ਚੋਣਾਂ ਲਈ ਤਿਆਰ ਹੈ ਅਤੇ ਮੀਟਿੰਗ ਵਿੱਚ ਸੂਬੇ ‘ਚ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਏ ‘ਨਵਾਂ ਛੱਤੀਸਗੜ੍ਹ’ ਮਾਡਲ ਨਾਲ ਲੋਕਾਂ ਦੇ ਜੀਵਨ ‘ਚ ਆ ਰਹੇ ਬਦਲਾਅ ਅਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਹੋਈ। -ਪੀਟੀਆਈ
ਸਰਕਾਰ ਗਰੀਬਾਂ ਅਤੇ ਮੱਧ ਵਰਗ ਨੂੰ ਭੁੱਲੀ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰੁਜ਼ਗਾਰ ਅਤੇ ਜ਼ਰੂਰਤ ਦੀਆਂ ਵਸਤਾਂ ਦੀਆਂ ਚੜ੍ਹ ਰਹੀਆਂ ਕੀਮਤਾਂ ਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਉਹ ਗਰੀਬਾਂ ਤੇ ਮੱਧ ਵਰਗ ਨੂੰ ਭੁੱਲ ਗਈ ਹੈ ਅਤੇ ਸਰਮਾਏਦਾਰਾਂ ਦੀ ਸੰਪਤੀ ਵਧਾਉਣ ‘ਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲੋਕਾਂ ਨਾਲ ਸਬੰਧਤ ਮੁੱਦਿਆਂ ਤੋਂ ਧਿਆਨ ਵੰਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਂਗਰਸ ਆਗੂ ਨੇ ਟਵੀਟ ਕਰਕੇ ਕਿਹਾ,”ਟਮਾਟਰ: 140 ਰੁਪਏ ਕਿਲੋ, ਗੋਭੀ: 80 ਰੁਪਏ ਕਿਲੋ, ਅਰਹਰ ਦਾਲ: 148 ਰੁਪਏ ਕਿਲੋ, ਬ੍ਰਾਂਡਿਡ ਅਰਹਰ ਦਾਲ: 219 ਰੁਪਏ ਕਿਲੋ ਅਤੇ ਕੁਕਿੰਗ ਗੈਸ ਸਿਲੰਡਰ 1100 ਰੁਪਏ ਤੋਂ ਵੱਧ। ਭਾਜਪਾ ਸਰਕਾਰ, ਜੋ ਸਰਮਾਏਦਾਰਾਂ ਦੀ ਕਮਾਈ ਵਧਾਉਣ ਅਤੇ ਲੋਕਾਂ ਤੋਂ ਟੈਕਸ ਇਕੱਠੇ ਕਰਨ ‘ਚ ਰੁੱਝੀ ਹੋਈ ਹੈ, ਗਰੀਬਾਂ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਭੁੱਲ ਗਈ ਹੈ।” ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਨੌਜਵਾਨ ਬੇਰੁਜ਼ਗਾਰ ਹਨ ਅਤੇ ਜੇਕਰ ਕੋਈ ਕੰਮ ਹੈ ਤਾਂ ਤਨਖਾਹ ਬਹੁਤ ਘੱਟ ਹੈ। ਮਹਿੰਗਾਈ ਕਾਰਨ ਕੋਈ ਬੱਚਤ ਵੀ ਨਹੀਂ ਹੋ ਰਹੀ ਹੈ। ‘ਗਰੀਬਾਂ ਦੀ ਪੇਟ ਭਰਨ ਅਤੇ ਮੱਧ ਵਰਗ ਦੀ ਹਸਰਤ ਬੱਚਤ ਕਰਨ ਦੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਸ਼ਾਸਿਤ ਸੂਬਿਆਂ ਨੇ ਮਹਿੰਗਾਈ ਤੋਂ ਰਾਹਤ ਦੇਣ ਲਈ ਗੈਸ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ ਅਤੇ ਗਰੀਬਾਂ ਦੇ ਖਾਤਿਆਂ ‘ਚ ਪੈਸੇ ਪਾਏ ਹਨ। ਰਾਹੁਲ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਨਫ਼ਰਤ, ਮਹਿੰਗਾਈ, ਬੇਰੁਜ਼ਗਾਰੀ ਅਤੇ ਨਾਬਰਾਬਰੀ ਹਟਾਉਣ ਦਾ ਅਹਿਦ ਹੈ ਅਤੇ ਭਾਜਪਾ ਨੂੰ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਵੰਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਤੋਂ ਇਕੋ ਸਵਾਲ ਹੈ ਕਿ ਇਹ ‘ਅੰਮ੍ਰਿਤ ਕਾਲ’ ਕਿਸ ਲਈ ਹੈ? -ਪੀਟੀਆਈ