ਮੁੰਬਈ, 29 ਦਸੰਬਰ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ‘ਚ ਪੂਰਕ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਏਜੰਸੀ ਨੇ 7,000 ਪੰਨਿਆਂ ਦੀ ਚਾਰਜਸ਼ੀਟ, ਜਿਸ ਵਿੱਚ ਦੇਸ਼ਮੁਖ ਦੇ ਪੁੱਤਰਾਂ ਨੂੰ ਵੀ ਇਸ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ, ਇੱਥੇ ਵਿਸ਼ੇਸ਼ ਅਦਾਲਤ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਲਈ ਸੌਂਪੀ ਗਈ ਹੈ। ਈਡੀ ਨੇ ਪਹਿਲਾਂ ਦੇਸ਼ਮੁਖ ਦੇ ਨਿੱਜੀ ਸਕੱਤਰ (ਇੱਕ ਵਧੀਕ ਕੁਲੈਕਟਰ-ਰੈਂਕ ਅਧਿਕਾਰੀ) ਸੰਜੀਵ ਪਲਾਂਡੇ ਅਤੇ ਨਿੱਜੀ ਸਹਾਇਕ ਕੁੰਦਨ ਸ਼ਿੰਦੇ ਸਮੇਤ 14 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਦੇਸ਼ਮੁਖ ਨੂੰ ਇਸ ਸਾਲ 1 ਨਵੰਬਰ ਨੂੰ ਈਡੀ ਨੇ ਇਸ ਮਾਮਲੇ ਦੇ ਸਿਲਸਿਲੇ ‘ਚ ਗ੍ਰਿਫਤਾਰ ਕੀਤਾ ਸੀ ਅਤੇ ਫਿਲਹਾਲ ਉਹ ਨਿਆਂਇਕ ਹਿਰਾਸਤ ‘ਚ ਹੈ।