ਨਵੀਂ ਦਿੱਲੀ, 9 ਅਪਰੈਲ
ਕੇਂਦਰ ਸਰਕਾਰ ਨੇ ਫਰਟੀਲਾਈਜ਼ਰ ਕੰਪਨੀਆਂ ਨੂੰ ਡੀਏਪੀ ਖਾਦ ਜਿਹੇ ਬਿਨਾਂ ਯੂਰੀਆ ਵਾਲੇ ਫਰਟੀਲਾਈਜ਼ਰਾਂ ਦੇ ਭਾਅ ਵਧਾਉਣ ਤੋਂ ਵਰਜ ਦਿੱਤਾ ਹੈ। ਕੇਂਦਰ ਵੱਲੋਂ ਜਾਰੀ ਸੱਜਰੀਆਂ ਹਦਾਇਤਾਂ ’ਚ ਕੰਪਨੀਆਂ ਨੂੰ ਉਪਰੋਕਤ ਫਰਟੀਲਾਈਜ਼ਰ ਪੁਰਾਣੇ ਭਾਅ ’ਤੇ ਵੇਚਣ ਦੀ ਤਾਕੀਦ ਕੀਤੀ ਗਈ ਹੈ। ਆਲਮੀ ਬਾਜ਼ਾਰ ਵਿੱਚ ਵਾਧੇ ਮੁਤਾਬਕ ਗੈਰ-ਯੂਰੀਆ ਵਾਲੇ ਫ਼ਰਟੀਲਾਈਜ਼ਰਾਂ ਦੀ ਘਰੇਲੂ ਪ੍ਰਚੂਨ ਕੀਮਤਾਂ ਵਿੱਚ ਵਾਧੇ ਦੇ ਮੱਦੇਨਜ਼ਰ ਵੀਰਵਾਰ ਨੂੰ ਉੱਚ ਪੱਧਰੀ ਬੈਠਕ ਵਿੱਚ ਫਰਟੀਲਾਈਜ਼ਰ ਕੰਪਨੀਆਂ ਨੂੰ ਉਪਰੋਕਤ ਹੁਕਮ ਜਾਰੀ ਕੀਤਾ ਗਿਆ ਸੀ। ਚੇਤੇ ਰਹੇ ਕਿ ਬਿਨਾਂ ਯੂਰੀਆ ਵਾਲੇ ਫਰਟੀਲਾਈਜ਼ਰ ਜਿਵੇਂ ਡਾਇ-ਅਮੋਨੀਅਮ ਫਾਸਫੇਟ (ਡੀਏਪੀ), ਮਿਊਰੇਟ ਆਫ਼ ਪੋਟਾਸ਼ (ਐੱਮਓਪੀ) ਤੇ ਐੱਨਪੀਕੇ ਦੀਆਂ ਪ੍ਰਚੂਨ ਕੀਮਤਾਂ ਕੰਟਰੋਲ ਮੁਕਤ ਹਨ ਤੇ ਇਹ ਉਤਪਾਦਕਾਂ ਵੱਲੋਂ ਹੀ ਮਿਥੀਆਂ ਜਾਂਦੀਆਂ ਹਨ ਜਦੋਂਕਿ ਸਰਕਾਰ ਇਨ੍ਹਾਂ ਨੂੰ ਹਰ ਸਾਲ ਨਿਰਧਾਰਿਤ ਸਬਸਿਡੀ ਦਿੰਦੀ ਹੈ। ਰਸਾਇਣ ਤੇ ਫਰਟੀਲਾਈਜ਼ਰ ਬਾਰੇ ਰਾਜ ਮੰਤਰੀ ਮਨਸੁਖ ਮੰਡਾਵੀਆ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਭਾਰਤ ਸਰਕਾਰ ਨੇ ਇਕ ਉੱਚ ਪੱਧਰੀ ਮੀਟਿੰਗ ਸੱਦ ਕੇ ਫਰਟੀਲਾਈਜ਼ਰ ਕੰਪਨੀਆਂ ਨੂੰ ਡੀਏਪੀ, ਐੱਮਓਪੀ ਤੇ ਐੱਨਪੀਕੇ ਦੇ ਭਾਅ ਨਾ ਵਧਾਉਣ ਦੀ ਹਦਾਇਤ ਕੀਤੀ ਹੈ। ਤੇ ਕੰਪਨੀਆਂ ਨੇ ਇਸ ’ਤੇ ਸਹਿਮਤੀ ਵੀ ਦਿੱਤੀ ਹੈ।’ ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਆਖਿਆ ਗਿਆ ਹੈ ਕਿ ਉਹ ਮਿਸ਼ਰਤ ਫਰਟੀਲਾਈਜ਼ਰਾਂ ਨੂੰ ਪੁਰਾਣੇ ਭਾਅ ’ਤੇ ਹੀ ਵੇਚਣ। ਉਨ੍ਹਾਂ ਕਿਹਾ, ‘ਕਿਸਾਨਾਂ ਨੂੰ ਡੀਏਪੀ, ਐੱਮਓਪੀ ਤੇ ਐੱਨਪੀਕੇ ਜਿਹੇ ਪੌਸ਼ਟਿਕ ਤੱਤ ਪੁਰਾਣੇ ਭਾਅ ’ਤੇ ਹੀ ਮਿਲਣਗੇ। ਮੰਤਰੀ ਨੇ ਇਕ ਵੱਖਰੇ ਟਵੀਟ ’ਚ ਕਿਹਾ, ‘ਕਿਸਾਨ ਭਾਈਚਾਰੇ ਦੇ ਹਿੱਤਾਂ ਨੂੰ ਤਰਜੀਹ ਦਿੰਦਿਆਂ ਫਰਟੀਲਾਈਜ਼ਰਾਂ ਦੇ ਭਾਅ ’ਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।’ ਚੇਤੇ ਰਹੇ ਕਿ ਆਲਮੀ ਪੱਧਰ ’ਤੇ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਦੇ ਹਵਾਲੇ ਨਾਲ ਕ੍ਰਿਭਕੋ, ਐੱਮਸੀਐੱਫਐੱਲ, ਜ਼ੁਆਰੀ ਐਗਰੋ ਕੈਮੀਕਲਜ਼, ਪਾਰਾਦੀਪ ਫਾਸਫੇਟਜ਼ ਨੇ ਪਹਿਲੀ ਅਪਰੈਲ ਤੋਂ ਡੀਏਪੀ ਦੇ ਪ੍ਰਤੀ ਬੋਰੇ ਦੀ ਕੀਮਤ ਵਧਾ ਕੇ 1700 ਰੁਪਏ ਕਰ ਦਿੱਤੀ ਸੀ। ਇਸੇ ਤਰ੍ਹਾਂ ਚੰਬਲ ਫਰਟੀਲਾਈਜ਼ਰ ਤੇ ਕੈਮੀਕਲਜ਼ ਲਿਮਟਿਡ (ਸੀਐੱਫਸੀਐੱਲ) ਨੇ ਡੀਏਪੀ ਦਾ ਭਾਅ 1600 ਰੁਪਏ ਪ੍ਰਤੀ ਬੋਰਾ ਜਦੋਂਕਿ ਇੰਡੋਰਾਮ ਇੰਡੀਆ ਪ੍ਰਾਈਵੇਟ ਲਿਮਟਿਡ ਨੇ 1495 ਰੁਪਏ ਪ੍ਰਤੀ ਬੋਰਾ ਕਰ ਦਿੱਤੀ ਸੀ। ਉਧਰ ਇਫਕੋ, ਜਿਸ ਨੇ ਡੀਏਪੀ ਦੇ ਸੱਜਰੇ ਸਟਾਕ ’ਤੇ ਪ੍ਰਤੀ ਬੋਰਾ 1700 ਰੁਪਏ ਦੀ ਕੀਮਤ ਪ੍ਰਿੰਟ ਕੀਤੀ ਹੈ, ਨੇ ਸਪਸ਼ਟ ਕੀਤਾ ਕਿ ਇਹ ਅਸਥਾਈ ਕੀਮਤ ਹੈ ਤੇ ਇਹ ਕਿਸਾਨਾਂ ਨੂੰ ਵੇਚਣ ਲਈ ਨਹੀਂ ਹੈ। ਇਫਕੋ ਦੇ ਤਰਜਮਾਨ ਨੇ ਕਿਹਾ ਕਿ ਉਹ ਮਿਸ਼ਰਤ ਫਰਟੀਲਾਈਜ਼ਰ ਦੇ 11.26 ਲੱਖ ਟਨ ਦੇ ਪੁਰਾਣੇ ਸਟਾਕ ਨੂੰ 1200 ਰੁਪਏ ਪ੍ਰਤੀ ਬੋਰਾ ਦੇ ਪੁਰਾਣੇ ਭਾਅ ’ਤੇ ਹੀ ਵੇਚਣਗੇ। ਇਫਕੋ ਦੇ ਸੀਈਓ ਤੇ ਐੱਮਡੀ ਯੂ.ਐੱਸ.ਅਵਸਥੀ ਨੇ ਕਿਹਾ ਕਿ ਉਨ੍ਹਾਂ ਹਮੇਸ਼ਾਂ ਕਿਸਾਨਾਂ ਨੂੰ ਪਹਿਲੀ ਤਰਜੀਹ ਦੇ ਕੇ ਫੈਸਲੇ ਲਏ ਹਨ। -ਪੀਟੀਆਈ