ਨਵੀਂ ਦਿੱਲੀ, 27 ਜੂਨ
ਇੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੀ ਮੁੜ ਉਸਾਰੀ ਵਿੱਚ ਕਥਿਤ ਊਣਤਾਈਆਂ ਦੇ ਮਾਮਲੇ ਵਿੱਚ ਭਾਰਤ ਦੇ ਕੰਪਟਰੋਲਰ ਅਤੇ ਆਡਿਟਰ ਜਨਰਲ (ਕੈਗ) ਵੱਲੋਂ ਵਿਸ਼ੇਸ਼ ਆਡਿਟ ਸ਼ੁਰੂ ਕੀਤਾ ਗਿਆ ਹੈ। ਇਸ ਕਦਮ ਮਗਰੋਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ।
ਉਪ ਰਾਜਪਾਲ ਵੀ ਕੇ ਸਕਸੈਨਾ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਉਪ ਰਾਜਪਾਲ ਦੇ 24 ਮਈ ਨੂੰ ਪ੍ਰਾਪਤ ਪੱਤਰ ‘ਤੇ ਗੌਰ ਕਰਨ ਤੋਂ ਬਾਅਦ ਵਿਸ਼ੇਸ਼ ਕੈਗ ਆਡਿਟ ਦੀ ਸਿਫਾਰਿਸ਼ ਕੀਤੀ ਹੈ।
ਪੱਤਰ ਵਿੱਚ ਮੁੱਖ ਮੰਤਰੀ ਦੇ ਅਧਿਕਾਰਿਤ ਰਿਹਾਇਸ਼ ਦੀ ਮੁੜ ਉਸਾਰੀ ਵਿੱਚ ਵਿੱਤੀ ਊਣਤਾਈਆਂ ਦਾ ਜ਼ਿਕਰ ਕੀਤਾ ਗਿਆ ਸੀ। ਭਾਜਪਾ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਦੂਜੇ ਪਾਸੇ ‘ਆਪ’ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦਾਅਵਾ ਕੀਤਾ ਕਿ ਕੈਗ ਆਡਿਟ ਪਿਛਲੇ ਵਰ੍ਹੇ ਕੀਤਾ ਜਾ ਚੁੱਕਿਆ ਹੈ ਜਿਸ ਵਿੱਚ ਵਿੱਤੀ ਊਣਤਾਈਆਂ ਦਾ ਕੋਈ ਸਬੂਤ ਨਹੀਂ ਮਿਲਿਆ। -ਪੀਟੀਆਈ