ਨਵੀਂ ਦਿੱਲੀ: ਕੇਂਦਰ ਨੇ ਦੇਸ਼ ਭਰ ਵਿਚ ਕਰੋਨਾ ਦੀ ਰੋਕਥਾਮ ਲਈ ਕੰਟੇਨਮੈਂਟ ਰੋਕਾਂ 31 ਅਕਤੂਬਰ ਤਕ ਵਧਾ ਦਿੱਤੀਆਂ ਹਨ ਤਾਂ ਕਿ ਕਰੋਨਾ ਮਹਾਮਾਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। ਇਸ ਵੇਲੇ ਕਰੋਨਾ ਦਾ ਕਹਿਰ ਕਈ ਰਾਜਾਂ ਵਿਚ ਜਾਰੀ ਹੈ ਤੇ ਲੋਕ ਕਰੋਨਾ ਨਿਯਮਾਂ ਤੋਂ ਬੇਪ੍ਰਵਾਹ ਹੋ ਕੇ ਘੁੰਮ ਰਹੇ ਹਨ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਅੱਜ ਪੱਤਰ ਜਾਰੀ ਕਰ ਕੇ ਕਰੋਨਾ ਸਾਵਧਾਨੀਆਂ ਦਾ ਪਾਲਣ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਤਿਉਹਾਰ ਨਜ਼ਦੀਕ ਆ ਰਹੇ ਹਨ, ਇਸ ਦੌਰਾਨ ਲੋਕਾਂ ਦੀ ਭੀੜ ਨੂੰ ਕਾਬੂ ਵਿਚ ਰੱਖਣ ਤੇ ਸਮਾਜਿਕ ਦੂਰੀ ਦਾ ਪਾਲਣ ਕਰਵਾਉਣ ਲਈ ਹੁਣੇ ਤੋਂ ਹੀ ਯਤਨ ਕੀਤੇ ਜਾਣ ਤਾਂ ਕਿ ਕਰੋਨਾ ਦੀ ਅਗਲੀ ਲਹਿਰ ਖਤਰਨਾਕ ਰੂਪ ਧਾਰਨ ਨਾ ਕਰ ਸਕੇ।