ਨਵੀਂ ਦਿੱਲੀ, 26 ਮਾਰਚ
ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਨੇ ਅੱਜ ਪੁਣਛ-ਰਾਵਲਕੋਟ ਕਰਾਸਿੰਗ ’ਤੇ ਬ੍ਰਿਗੇਡੀਅਰ ਪੱਧਰ ਦੀ ਮੀਟਿੰਗ ਕਰਕੇ ਜੰਮੂ ਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਗੋਲੀਬੰਦੀ ਨੂੰ ਲੈ ਕੇ ਹੋਏ ਕਰਾਰ ’ਤੇ ਨਜ਼ਰਸਾਨੀ ਕੀਤੀ। ਦੋਵਾਂ ਮੁਲਕਾਂ ਦੀਆਂ ਫੌਜਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਕੰਟਰੋਲ ਰੇਖਾ ’ਤੇ ਗੋਲੀਬੰਦੀ ਨੂੰ ਲੈ ਕੇ ਹੋਏ ਸਾਲ 2003 ਦੇ ਕਰਾਰ ਪ੍ਰਤੀ ਵਚਨਬੱਧ ਹਨ। ਭਾਰਤ-ਪਾਕਿ ਦੇ ਮਿਲਟਰੀ ਅਪਰੇਸ਼ਨਾਂ ਬਾਰੇ ਡਾਇਰੈਕਟਰ ਜਨਰਲਾਂ ਨੇ ਮੀਟਿੰਗ ਦੌਰਾਨ ਗੋਲੀਬੰਦੀ ਕਰਾਰ ਦੀ ਪਾਲਣਾ ਬਾਰੇ ਮੁੜ ਸਹਿਮਤੀ ਦਿੱਤੀ ਸੀ।
ਥਲ ਸੈਨਾ ਨੇ ਇਕ ਟਵੀਟ ’ਚ ਕਿਹਾ, ‘ਮਿਲਟਰੀ ਅਪਰੇਸ਼ਨਾਂ ਬਾਰੇ ਡਾਇਰੈਕਟਰ ਜਨਰਲਾਂ ’ਚ ਬਣੀ ਸਮਝ ਮੁਤਾਬਿਕ ਬ੍ਰਿਗੇਡ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਅੱਜ ਇਥੇੇ ਪੁਣਛ-ਰਾਵਲਕੋਟ ਕਰਾਸਿੰਗ ਪੁਆਇੰਟ ’ਤੇ ਹੋਈ। ਮੀਟਿੰਗ ਵਿੱਚ ਆਪਸੀ ਸਮਝ ਮੁਤਾਬਕ ਕੋਈ ਚੌਖਟਾ/ਪ੍ਰਬੰਧ ਲਾਗੂ ਕਰਨ ’ਤੇ ਵੀ ਚਰਚਾ ਹੋਈ।’ ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ ਨੇ ਲੰਘੇ ਦਿਨ ਕਿਹਾ ਸੀ ਕਿ ਪਿਛਲੇ ਪੰਜ ਤੋਂ ਛੇ ਸਾਲਾਂ ’ਚ ਪਹਿਲੀ ਵਾਰ ਹੈ ਜਦੋਂ ਕੰਟਰੋਲ ਰੇਖਾ ’ਤੇ ਮੁਕੰਮਲ ਸ਼ਾਂਤੀ ਹੈ। ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਮਾਰਚ ਮਹੀਨੇ ਦੌਰਾਨ ਸਰਹੱਦ ’ਤੇ ਕਿਸੇ ਵੀ ਪਾਸਿਓਂ ਇਕ ਵੀ ਗੋਲੀ ਨਹੀਂ ਚੱਲੀ। ਜਨਰਲ ਨਰਵਾਣੇ ਨੇ ਹਾਲਾਂਕਿ ਇਹ ਗੱਲ ਮੰਨੀ ਸੀ ਕਿ ਸਰਹੱਦ ਪਾਰ ਪਾਕਿਸਤਾਨ ਵਾਲੇ ਪਾਸੇ ਦਹਿਸ਼ਤਗਰਦਾਂ ਦੇ ਟਿਕਾਣੇ ਪਹਿਲਾਂ ਵਾਂਗ ਅਜੇ ਵੀ ਕਾਇਮ ਹਨ। -ਪੀਟੀਆਈ