ਗੁਹਾਟੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਨਾਗਰਿਕਤਾ ਸੋਧ ਬਿੱਲ (ਸੀਏਏ) ਅਸਾਮ ਦੇ ਸਭਿਆਚਾਰ, ਇਤਿਹਾਸ ਉਤੇ ਹੱਲਾ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਇਸ ਨੂੰ ਲਾਗੂ ਨਹੀਂ ਹੋਣ ਦੇਵੇਗੀ। ਇਕ ਵੀਡੀਓ ਸੁਨੇਹੇ ਵਿਚ ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਸੰਵਿਧਾਨ ਦੀ ਧਾਰਾ 244ਏ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਧਾਰਾ ਖ਼ੁਦਮੁਖਤਿਆਰ ਰਾਜ ਬਣਾਉਣ ਬਾਰੇ ਹੈ। ਇਸੇ ਤਹਿਤ ਅਸਾਮ ਦੇ ਆਦਿਵਾਸੀ ਖੇਤਰ ਵੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦੀਆਂ ਸਾਰੀਆਂ ਮੱਦਾਂ ਲਾਗੂ ਕਰੇਗੀ। ਦੱਸਣਯੋਗ ਹੈ ਕਿ ਗਾਂਧੀ ਦੀ ਉੱਤਰ-ਪੂਰਬੀ ਰਾਜ ਦੀ ਯਾਤਰਾ ਕਾਫ਼ੀ ਮੀਂਹ ਪੈਣ ਕਾਰਨ ਰੱਦ ਹੋ ਗਈ ਸੀ ਤੇ ਉਨ੍ਹਾਂ ਲੋਕਾਂ ਲਈ ਵੀਡੀਓ ਸੰਦੇਸ਼ ਪੋਸਟ ਕੀਤਾ। ਰਾਹੁਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਪਾਰਟੀ ਅਸਾਮ ਦੇ ਲੋਕਾਂ ਨੂੰ ਦਿੱਤੀ ਸੀਏਏ ਲਾਗੂ ਨਾ ਕਰਨ ਦੀ ਗਾਰੰਟੀ ਉਤੇ ਤੁਰੰਤ ਅਮਲ ਕਰੇਗੀ। -ਪੀਟੀਆਈ