ਇੰਦੌਰ, 2 ਜੂਨ
ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਪਿਛਲੇ 20 ਦਿਨਾਂ ਦੌਰਾਨ ਬਲੈਕ ਫੰਗਸ ਬਿਮਾਰੀ ਕਾਰਨ ਕਰੀਬ 20 ਮੌਤਾਂ ਹੋ ਚੁੱਕੀਆਂ ਹਨ। ਇਕ ਸਰਕਾਰੀ ਅਧਿਕਾਰੀ ਮੁਤਾਬਕ ਕੋਵਿਡ ਤੋਂ ਉੱਭਰੇ ਵਿਅਕਤੀਆਂ ’ਚ ਬਲੈਕ ਫੰਗਸ ਦੇ ਕਈ ਕੇਸ ਮਿਲੇ ਹਨ।
ਮਹਾਰਾਜਾ ਯਸ਼ਵੰਤਰਾਓ ਹਸਪਤਾਲ ਵਿਚ ਇੰਦੌਰ ਸਣੇ ਕਈ ਜ਼ਿਲ੍ਹਿਆਂ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਸ ਹਸਪਤਾਲ ਵਿਚ ਬਲੈਕ ਫੰਗਸ ਦਾ ਪਹਿਲਾ ਕੇਸ 13 ਮਈ ਨੂੰ ਆਇਆ ਸੀ ਤੇ ਉਸ ਤੋਂ ਬਾਅਦ ਹੁਣ ਤੱਕ 439 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 84 ਜਣਿਆਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਚੁੱਕੀ ਹੈ। ਇਸੇ ਦੌਰਾਨ 32 ਮਰੀਜ਼ਾਂ ਦੀ ਮੌਤ ਹੋਈ ਹੈ। ਹਸਪਤਾਲ ਦੇ ਸੁਪਰਡੈਂਟ ਪਰਮੇਂਦਰ ਠਾਕੁਰ ਨੇ ਦੱਸਿਆ ਕਿ ਵਰਤਮਾਨ ’ਚ ਹਸਪਤਾਲ ਵਿਚ ਬਲੈਕ ਫੰਗਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 7.29 ਪ੍ਰਤੀਸ਼ਤ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਹੋਰ ਹਸਪਤਾਲਾਂ ਵਿਚ ਮੌਤ ਦਰ ਇਸ ਹਸਪਤਾਲ ਤੋਂ ਵੀ ਵੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ 20 ਦਿਨਾਂ ਦੌਰਾਨ ਕਰੀਬ 200 ਅਪਰੇਸ਼ਨ ਕੀਤੇ ਗਏ ਹਨ। ਇਸ ਵੇਲੇ ਹਸਪਤਾਲ ਵਿਚ ਬਲੈਕ ਫੰਗਸ ਦੇ 323 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 14 ਨੂੰ ਬਲੈਕ ਫੰਗਸ ਕੋਵਿਡ ਦੇ ਨਾਲ ਹੀ ਹੋ ਗਈ ਸੀ। ਜਦਕਿ 301 ਜਣਿਆਂ ਨੂੰ ਇਹ ਕਰੋਨਾਵਾਇਰਸ ਤੋਂ ਉੱਭਰਨ ਤੋਂ ਬਾਅਦ ਹੋਈ ਹੈ। ਅੱਠ ਮਰੀਜ਼ ਅਜਿਹੇ ਹਨ ਜਿਨ੍ਹਾਂ ਨੂੰ ਪਹਿਲਾਂ ਕਰੋਨਾ ਹੋਣ ਦਾ ਕੋਈ ਰਿਕਾਰਡ ਦਰਜ ਨਹੀਂ ਹੈ। ਇਸ ਤਰ੍ਹਾਂ 93 ਪ੍ਰਤੀਸ਼ਤ ਮਰੀਜ਼ ਅਜਿਹੇ ਹਨ ਜਿਨ੍ਹਾਂ ਨੂੰ ਪਹਿਲਾਂ ਕੋਵਿਡ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਸਨਅਤੀ ਸ਼ਹਿਰ ਇੰਦੌਰ ਵਿਚ ਵੱਡੀ ਗਿਣਤੀ ਕਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ। -ਪੀਟੀਆਈ