ਬਾਂਸਵਾੜਾ, 16 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਦੋ ਤਰ੍ਹਾਂ ਦਾ ਹਿੰਦੁਸਤਾਨ ਬਣਾ ਰਹੇ ਹਨ, ਇਕ ਅਮੀਰਾਂ ਲਈ ਹੈ ਤੇ ਦੂਜਾ ਗਰੀਬਾਂ ਲਈ ਹੈ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੀ ਯੂਪੀਏ ਸਰਕਾਰ ਵੱਲੋਂ ‘ਮਜ਼ਬੂਤ ਕੀਤੀ’ ਅਰਥ ਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਸਾਰਿਆਂ ਨਾਲ ਜੁੜਨ ਲਈ ਕੰਮ ਕਰਦੀ ਹੈ ਜਦਕਿ ਭਾਜਪਾ ਵੰਡ ਪਾਉਣ ਲਈ ਕੰਮ ਕਰਦੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਤੇ ਮੋਦੀ ਦੋ ਤਰ੍ਹਾਂ ਦੇ ਹਿੰਦੁਸਤਾਨ ਚਾਹੁੰਦੇ ਹਨ, ਇਕ ਜੋ ਅਮੀਰਾਂ ਤੇ ਉਨ੍ਹਾਂ ਦੇ ਦੋ-ਤਿੰਨ ਮਿੱਤਰਾਂ ਲਈ ਹੈ, ਤੇ ਦੂਜਾ ਦਲਿਤਾਂ, ਕਿਸਾਨਾਂ, ਗਰੀਬਾਂ ਤੇ ਪੱਛੜਿਆਂ ਦਾ ਭਾਰਤ ਹੈ। ਪਰ ਕਾਂਗਰਸ ਸਿਰਫ਼ ਇਕੋ ਭਾਰਤ ਚਾਹੁੰਦੀ ਹੈ, ਇਹ ਲੜਾਈ ਮੁਲਕ ਨੂੰ ਬਚਾਉਣ ਲਈ ਹੈ। ਕਾਂਗਰਸ ਆਗੂ ਨੇ ਕਿਹਾ ਕਿ ਮੁਲਕ ਵਿਚ ਦੋ ਵਿਚਾਰਧਾਰਾਵਾਂ ਦੀ ਜੰਗ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਸਾਰਿਆਂ ਨਾਲ ਜੁੜ ਕੇ, ਸਾਰਿਆਂ ਦੇ ਸਭਿਆਚਾਰ ਦੇ ਸਤਿਕਾਰ ਤੇ ਸੁਰੱਖਿਆ ਨਾਲ ਅੱਗੇ ਵਧਣ ਦੀ ਹਾਮੀ ਭਰਦੀ ਹੈ। ਜਦਕਿ ਭਾਜਪਾ ਵੰਡ ਪਾਉਣੀ, ਦਬਾਉਣਾ ਤੇ ਦੂਜਿਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਤਿਹਾਸ ਮੇਟਣ ਤੇ ਆਦਿਵਾਸੀਆਂ ਦੇ ਸਭਿਆਚਾਰ ਨੂੰ ਖ਼ਤਮ ਕਰਨ ਤੇ ਉਤਾਰੂ ਹੈ। ਦੱਖਣੀ ਰਾਜਸਥਾਨ ਦੇ ਆਦਿਵਾਸੀ ਬਹੁਗਿਣਤੀ ਵਾਲੇ ਇਲਾਕੇ ਵਿਚ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਕਮਜ਼ੋਰਾਂ ਦੀ ਮਦਦ ਕਰਦੀ ਹੈ ਜਦਕਿ ਭਾਜਪਾ ਚੋਟੀ ਦੇ ਉਦਯੋਗਪਤੀਆਂ ਦੀ ਹੀ ਮਦਦ ਕਰ ਰਹੀ ਹੈ। ਰਾਹੁਲ ਨੇ ਇਸ ਮੌਕੇ ਮੋਦੀ ਸਰਕਾਰ ਨੂੰ ਅਰਥਵਿਵਸਥਾ, ਬੇਰੁਜ਼ਗਾਰੀ, ਨੋਟਬੰਦੀ, ਜੀਐੱਸਟੀ ਦੇ ਮੁੱਦਿਆਂ ਉਤੇ ਵੀ ਨਿਸ਼ਾਨਾ ਬਣਾਇਆ। ਰਾਹੁਲ ਨੇ ਕਿਹਾ ਕਿ ਮਹਿੰਗਾਈ ਕਾਬੂ ਤੋਂ ਬਾਹਰ ਹੋ ਰਹੀ ਹੈ। ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨ ਸਿਰਫ਼ ਦੋ-ਤਿੰਨ ਉਦਯੋਗਪਤੀਆਂ ਨੂੰ ਲਾਹਾ ਦੇਣ ਲਈ ਸਨ। ਰਾਹੁਲ ਨੇ ਇਸ ਮੌਕੇ ਅਸ਼ੋਕ ਗਹਿਲੋਤ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਇਸ ਮੌਕੇ ਮੁੱਖ ਮੰਤਰੀ ਗਹਿਲੋਤ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਹੋਰ ਹਾਜ਼ਰ ਸਨ। -ਪੀਟੀਆਈ
ਰਾਹੁਲ ਤੇ ਗਹਿਲੋਤ ਨੇ ਬੇਨੇਸ਼ਵਰ ਧਾਮ ਵਿੱਚ ਪੁਲ ਦਾ ਨੀਂਹ ਪੱਥਰ ਰੱਖਿਆ
ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਆਦਿਵਾਸੀਆਂ ਦੇ ‘ਪ੍ਰਯਾਗ’ ਵਜੋਂ ਮਸ਼ਹੂਰ ਬੇਨੇਸ਼ਵਰ ਧਾਮ ਵਿੱਚ ਪੁਲ ਦਾ ਨੀਂਹ ਪੱਥਰ ਰੱਖਿਆ। ਇਸ ਥਾਂ ਮਾਹੀ, ਜਾਖਮ ਅਤੇ ਸੋਮ ਨਦੀਆਂ ਦਾ ਸੰਗਮ ਹੁੰਦਾ ਹੈ। ਮੁੱਖ ਮੰਤਰੀ ਗਹਿਲੋਤ ਨੇ ਬਜਟ ਵਿੱਚ ਇਸ ਪੁਲ ਦੀ ਉਸਾਰੀ ’ਤੇ 132 ਕਰੋੜ ਰੁਪਏ ਖ਼ਰਚਣ ਦਾ ਐਲਾਨ ਕੀਤਾ ਸੀ, ਜਿਸ ਦੇ ਮੁਕੰਮਲ ਹੋਣ ਨਾਲ ਸ਼ਰਧਾਲੂਆਂ ਨੂੰ ਡੂੰਗਰਪੁਰ-ਬਾਂਸਵਾੜਾ ਸੜਕ ਰਾਹੀਂ ਸਿੱਧੇ ਬੇਨੇਸ਼ਵਰ ਧਾਮ ਪਹੁੰਚਣ ਵਿੱਚ ਮਦਦ ਮਿਲੇਗੀ। ਇਸ ਤੋਂ ਪਹਿਲਾਂ ਰਾਹੁਲ ਅਤੇ ਗਹਿਲੋਤ ਨੇ ਬੇਨੇਸ਼ਵਰ ਧਾਮ ਕੰਪਲੈਕਸ ਵਿੱਚ ਬਣੇ ਵਾਲਮੀਕਿ ਮੰਦਰ, ਬੇਨੇਸ਼ਵਰ ਪਗੋਡਾ, ਰਾਧਾ ਕ੍ਰਿਸ਼ਨ ਮੰਦਰ ਅਤੇ ਬ੍ਰਹਮਾ ਮੰਦਰ ਦਾ ਦੌਰਾ ਕੀਤਾ ਅਤੇ ਦੇਸ਼ ਦੀ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪੀਡਬਲਿਊਡੀ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸਾਬਾਲਾ ਤੋਂ ਬੇਨੇਸ਼ਵਰ ਤੱਕ ਇਸ ਪੁਲ ਦੀ ਲੰਬਾਈ 1,731.50 ਮੀਟਰ ਹੋਵੇਗੀ ਅਤੇ 18.50 ਫੁੱਟ ਉੱਚੇ ਤੇ 16 ਮੀਟਰ ਚੌੜੇ ਪੁਲ ਨੂੰ 36 ਪਿੱਲਰਾਂ ’ਤੇ ਬਣਾਇਆ ਜਾਵੇਗਾ। -ਪੀਟੀਆਈ