ਨਵੀਂ ਦਿੱਲੀ, 16 ਜਨਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਜਪਾ ਦੀ ਨਫ਼ਰਤ ਵਾਲੀ ਸਿਆਸਤ ਦੇਸ਼ ਲਈ ਹਾਨੀਕਾਰਕ ਹੈ ਅਤੇ ਇਹ ਬੇਰੁਜ਼ਗਾਰੀ ਲਈ ਜ਼ਿੰਮੇਵਾਰ ਹੈ। ਰਾਹੁਲ ਨੇ ਟਵੀਟ ਕਰਕੇ ਕਿਹਾ,‘‘ਮੈਂ ਵੀ ਇਹ ਮੰਨਦਾ ਹਾਂ ਕਿ ਭਾਜਪਾ ਦੀ ਨਫ਼ਰਤ ਭਰੀ ਸਿਆਸਤ ਮੁਲਕ ਲਈ ਬੇਹੱਦ ਹਾਨੀਕਾਰਕ ਹੈ ਅਤੇ ਇਹ ਨਫ਼ਰਤ ਹੀ ਬੇਰੁਜ਼ਗਾਰੀ ਲਈ ਵੀ ਜ਼ਿੰਮੇਵਾਰ ਹੈ।’’ ਉਨ੍ਹਾਂ ਕਿਹਾ ਕਿ ਦੇਸੀ ਅਤੇ ਵਿਦੇਸ਼ੀ ਉਦਯੋਗ ਬਿਨਾਂ ਸਮਾਜਿਕ ਸ਼ਾਂਤੀ ਦੇ ਨਹੀਂ ਚੱਲ ਸਕਦੇ ਹਨ। ‘ਰੋਜ਼ ਆਪਣੇ ਆਸ-ਪਾਸ ਵਧਦੀ ਇਸ ਨਫ਼ਰਤ ਨੂੰ ਭਾਈਚਾਰਕ ਸਾਂਝ ਨਾਲ ਹਰਾਵਾਂਗੇ, ਕੀ ਤੁਸੀਂ ਮੇਰੇ ਨਾਲ ਹੋ?’ ਰਾਹੁਲ ਨੇ ਸ਼ਨਿਚਰਵਾਰ ਨੂੰ ਵੀ ਬੇਰੁਜ਼ਗਾਰੀ, ਮਹਿੰਗਾਈ ਅਤੇ ਨਫ਼ਰਤ ਦੇ ਮਾਹੌਲ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਿਆ ਸੀ। ਉਨ੍ਹਾਂ ਟਵਿਟਰ ਪੋਲ ਲਈ ਲੋਕਾਂ ਅੱਗੇ ਇਹ ਸਵਾਲ ਰੱਖਿਆ ਸੀ ਕਿ ‘ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਖਾਮੀ ਕੀ ਰਹੀ ਹੈ?’ ਉਨ੍ਹਾਂ ‘ਬੇਰੁਜ਼ਗਾਰੀ, ਟੈਕਸ ਵਸੂਲੀ, ਮਹਿੰਗਾਈ ਅਤੇ ਨਫ਼ਰਤ ਦੇ ਮਾਹੌਲ’ ਜਿਹੇ ਚਾਰ ਬਦਲ ਲੋਕਾਂ ਅੱਗੇ ਰੱਖੇ ਸਨ। -ਪੀਟੀਆਈ