ਨਵੀਂ ਦਿੱਲੀ, 18 ਜੁਲਾਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਦੀ ਹਾਕਮ ਭਾਜਪਾ ਸਰਕਾਰ ਨੂੰ ਉੱਚ ਟੈਕਸ ਦਰ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਘੇਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਦੁਨੀਆ ਦੇ ਤੇਜ਼ੀ ਨਾਲ ਉੱਭਰ ਰਹੇ ਅਰਥਚਾਰੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਟਵਿੱਟਰ ’ਤੇ ਦਹੀਂ, ਪਨੀਰ, ਚੌਲ, ਆਟਾ, ਗੁੜ ਤੇ ਸ਼ਹਿਦ ਆਦਿ ਵਸਤਾਂ ’ਤੇ ਜੀਐੱਸਟੀ ਲਾਏ ਜਾਣ ਨਾਲ ਸਬੰਧਤ ਇੱਕ ਚਾਰਟ ਸਾਂਝਾ ਕਰਦਿਆਂ ਟਵੀਟ ਕੀਤਾ, ‘ਉੱਚੀ ਦਰ ਵਾਲਾ ਟੈਕਸ, ਕੋਈ ਰੁਜ਼ਗਾਰ ਨਹੀਂ। ਇਹ ਵੱਡੀ ਮਿਸਾਲ ਹੈ ਕਿ ਭਾਜਪਾ ਨੇ ਕਿਸ ਤਰ੍ਹਾਂ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉੱਭਰ ਰਹੇ ਅਰਥਚਾਰਿਆਂ ’ਚੋਂ ਇੱਕ ਨੂੰ ਤਬਾਹ ਕਰ ਦਿੱਤਾ ਹੈ।’ ਉਨ੍ਹਾਂ ਨਾਲ ਹੀ ਹਪਸਤਾਲਾਂ ਦੇ ਕਿਰਾਏ ਵਾਲੇ ਕਮਰਿਆਂ, ਹੋਟਲਾਂ ਦੇ ਕਮਰਿਆਂ ਤੇ ਹੋਰ ਵਸਤਾਂ ਮਹਿੰਗੀਆਂ ਹੋਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। -ਪੀਟੀਆਈ
ਲੋਕਾਂ ਨੂੰ ਰਾਹਤ ਦੀ ਥਾਂ ਦੁਖੀ ਕੀਤਾ: ਵਰੁਣ
ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਪੈਕਡ ਖੁਰਾਕੀ ਵਸਤਾਂ ’ਤੇ ਜੀਐੱਸਟੀ ਲਾਏ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਫ਼ੈਸਲੇ ਨਾਲ ਰਿਕਾਰਡ ਤੋੜ ਬੇਰੁਜ਼ਗਾਰੀ ਨਾਲ ਜੂਝ ਰਹੇ ਲੋਕਾਂ ਨੂੰ ਹੋਰ ਦੁਖੀ ਹੋਣਾ ਪਵੇਗਾ। ਵਰੁਣ ਨੇ ਟਵੀਟ ਕੀਤਾ, ‘ਰਿਕਾਰਡ ਤੋੜ ਬੇਰੁਜ਼ਗਾਰੀ ਵਿਚਾਲੇ ਲਿਆ ਗਿਆ ਇਹ ਫ਼ੈਸਲਾ ਮੱਧਵਰਗੀ ਪਰਿਵਾਰਾਂ ਤੇ ਖਾਸ ਕਰਕੇ ਕਿਰਾਏ ਦੇ ਮਕਾਨਾਂ ’ਚ ਰਹਿਣ ਵਾਲੇ ਸੰਘਰਸ਼ ਕਰ ਰਹੇ ਨੌਜਵਾਨਾਂ ਦੀਆਂ ਜੇਬਾਂ ਹੋਰ ਹਲਕੀਆਂ ਕਰੇਗਾ। ਅਸੀਂ ਉਨ੍ਹਾਂ ਨੂੰ ਉਸ ਸਮੇਂ ਦੁੱਖ ਦੇ ਰਹੇ ਹਾਂ ਜਦੋਂ ਉਨ੍ਹਾਂ ਨੂੰ ਰਾਹਤ ਦੀ ਲੋੜ ਹੈ।’ -ਪੀਟੀਆਈ
ਖੁਰਾਕੀ ਵਸਤਾਂ ’ਤੇ ਜੀਐੱਸਟੀ ਵਾਪਸ ਲਿਆ ਜਾਵੇ: ਕੇਜਰੀਵਾਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਪਹਿਲਾਂ ਤੋਂ ਪੈਕ ਕੀਤੇ, ਲੇਬਲ ਲੱਗੇ ਖੁਰਾਕੀ ਪਦਾਰਥਾਂ ’ਤੇ ਲਾਇਆ ਗਿਆ ਜੀਐੱਸਟੀ ਵਾਪਸ ਲਿਆ ਜਾਵੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇਸ਼ ਦਾ ਇਕਲੌਤਾ ਰਾਜ ਹੈ ਜੋ ਲੋਕਾਂ ਨੂੰ ਸਿਹਤ, ਸਿੱਖਿਆ, ਪਾਣੀ, ਬਿਜਲੀ, ਸਫ਼ਰ ਆਦਿ ਦੀ ਮੁਫ਼ਤ ਸਹੂਲਤ ਦੇ ਕੇ ਮਹਿੰਗਾਈ ਤੋਂ ਰਾਹਤ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਹੈ ਭਾਰੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੇਂਦਰ ਨੇ ਖਾਣ-ਪੀਣ ਦੀਆਂ ਵਸਤਾਂ ’ਤੇ ਜੀਐੱਸਟੀ ਲਾ ਕੇ ਇਹ ਚੀਜ਼ਾਂ ਹੋਰ ਮਹਿੰਗੀਆਂ ਕਰ ਦਿੱਤੀਆਂ ਹਨ।
‘ਦਰਾਮਦ ਕੀਤੇ ਕੋਲੇ ਦਾ ਮਿਸ਼ਰਨ ਲਾਜ਼ਮੀ ਕਰ ਕੇ ਆਪਣੇ ‘ਦੋਸਤਾਂ’ ਨੂੰ ਲਾਭ ਪਹੁੰਚਾ ਰਹੀ ਹੈ ਸਰਕਾਰ’
ਨਵੀਂ ਦਿੱਲੀ: ਕਾਂਗਰਸ ਨੇ ਅੱਜ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਘਰੇਲੂ ਬਿਜਲੀ ਉਤਪਾਦਕਾਂ ਲਈ ਦਰਾਮਦ ਕੀਤੇ ਗਏ ਕੋਲੇ ਦਾ ਮਿਸ਼ਰਨ ਲਾਜ਼ਮੀ ਕਰ ਕੇ ਆਪਣੇ ‘ਦੋਸਤਾਂ’ ਨੂੰ ‘ਲਾਭ’ ਪਹੁੰਚਾ ਰਹੀ ਹੈ। ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਆਪਣੇ ‘ਦੋਸਤਾਂ’ ਨੂੰ ਲਾਭ ਪਹੁੰਚਾਉਣ ਲਈ ਇਹ ਮਾਡਲ ਤਿਆਰ ਕੀਤਾ ਹੈ। ਇਸ ਨਾਲ ਬਿਜਲੀ ਮਹਿੰਗੀ ਹੋਵੇਗੀ ਅਤੇ ਆਮ ਲੋਕਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਦਰਾਮਦ ਕੀਤੇ ਗਏ ਕੋਲੇ ਦਾ ਮਿਸ਼ਰਨ ਲਾਜ਼ਮੀ ਕੀਤਾ ਅਤੇ ਮਗਰੋਂ ਆਪਣੇ ‘ਦੋਸਤਾਂ’ ਨੂੰ ਕੋਲੇ ਦੀ ਦਰਾਮਦ ਦਾ ਠੇਕਾ ਦੇ ਦਿੱਤਾ, ਜੋ ਹੁਣ ਇਹ ਕੋਲਾ ਬਿਜਲੀ ਉਤਪਾਦਕਾਂ ਨੂੰ ਘਰੇਲੂ ਕੋਲੇ ਦੀ ਕੀਮਤ ਤੋਂ ਸੱਤ ਤੋਂ ਦਸ ਗੁਣਾ ਵੱਧ ਕੀਮਤ ’ਤੇ ਵੇਚ ਕੇ ਮੁਨਾਫਾ ਕਮਾ ਰਹੇ ਹਨ। ਵੱਲਭ ਨੇ ਦਾਅਵਾ ਕੀਤਾ ਕਿ ਅਡਾਨੀ ਇੰਟਰਪ੍ਰਾਈਜ਼ਜ਼ ਨੂੰ 4,035 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 2.5 ਮਿਲੀਅਨ ਟਨ ਕੋਲਾ ਦਰਾਮਦ ਕਰਨ ਦਾ ਠੇਕਾ ਦਿੱਤਾ ਗਿਆ ਸੀ। -ਪੀਟੀਆਈ