ਪਣਜੀ, 24 ਅਗਸਤ
ਭਾਜਪਾ ਆਗੂ ਸੋਨਾਲੀ ਫੋਗਾਟ ਦੇ ਭਰਾ ਨੇ ਗੋਆ ਪੁਲੀਸ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਹੱਤਿਆ ਉਸ ਦੇ ਦੋ ਸਾਥੀਆਂ ਨੇ ਕੀਤੀ ਹੈ। ਫੋਗਾਟ ਦੇ ਭਰਾ ਰਿੰਕੂ ਢਾਕਾ ਨੇ ਦੋਸ਼ ਲਾਇਆ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਫੋਗਟ ਨੇ ਆਪਣੀ ਮਾਂ, ਭੈਣ ਅਤੇ ਹੋਰ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਸੀ, ਜਿਸ ਦੌਰਾਨ ਉਹ ਪ੍ਰੇਸ਼ਾਨ ਲੱਗ ਰਹੀ ਸੀ ਅਤੇ ਆਪਣੇ ਦੋ ਸਾਥੀਆਂ ਦੇ ਖ਼ਿਲਾਫ਼ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਦੀ ਮੌਤ ਤੋਂ ਬਾਅਦ ਹਰਿਆਣਾ ਵਿੱਚ ਉਸ ਦੇ ਫਾਰਮ ਹਾਊਸ ਤੋਂ ਸੀਸੀਟੀਵੀ ਕੈਮਰੇ, ਲੈਪਟਾਪ ਅਤੇ ਹੋਰ ਜ਼ਰੂਰੀ ਚੀਜ਼ਾਂ ਗਾਇਬ ਹੋ ਗਈਆਂ। ਫੋਗਾਟ ਦੇ ਪਰਿਵਾਰਕ ਮੈਂਬਰ ਮੰਗਲਵਾਰ ਰਾਤ ਗੋਆ ਤੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦਾਅਵਾ ਕੀਤਾ ਕਿ ਫੋਗਾਟ ਦੇ ਦੋ ਸਾਥੀਆਂ ਨੇ ਗੋਆ ਵਿੱਚ ਉਸਦੀ ਹੱਤਿਆ ਕਰ ਦਿੱਤੀ। ਢਾਕਾ ਨੇ ਥਾਣੇ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਸੋਨਾਲੀ ਨੂੰ ਉਨ੍ਹਾਂ ਤੋਂ ਦੂਰ ਰਹਿਣ ਅਤੇ ਅਗਲੇ ਦਿਨ ਹਿਸਾਰ ਵਾਪਸ ਜਾਣ ਲਈ ਕਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਦੋਵਾਂ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।