ਲਖਨਊ, 25 ਅਕਤੂਬਰ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਆਪਣੀ ਹਾਰ ਨੂੰ ਦੇਖਦਿਆਂ ਭਾਜਪਾ ਥਾਂ-ਥਾਂ ਉਦਘਾਟਨ ਤੇ ਨੀਂਹ ਪੱਥਰ ਰੱਖਣ ਦੇ ਸਮਾਗਮ ਕਰ ਰਹੀ ਹੈ। ਅਖਿਲੇਸ਼ ਨੇ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਸਿਧਾਰਥਨਗਰ ’ਚ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤੇ ਜਾਣ ਦੇ ਸਵਾਲ ’ਤੇ ਕਿਹਾ, ‘ਹੁਣ ਚੋਣਾਂ ਨੇੜੇ ਹਨ ਅਤੇ ਲੋਕ ਭਾਜਪਾ ਨੂੰ ਹਰਾਉਣ ਜਾ ਰਹੇ ਹਨ। ਇਸ ਲਈ ਇਸ ਪਾਰਟੀ ਦੀ ਸਰਕਾਰ ਅਜਿਹੇ ਸਮਾਗਮ ਕਰਵਾ ਰਹੀ ਹੈ।’ ਉਨ੍ਹਾਂ ਸਵਾਲ ਕੀਤਾ ਕਿ ਅਖੀਰ ਕੀ ਵਜ੍ਹਾ ਹੈ ਕਿ ਸੂਬੇ ’ਚ ਮੌਜੂਦਾ ਮੈਡੀਕਲ ਕਾਲਜਾਂ ਨੂੰ ਬਜਟ ਨਹੀਂ ਦਿੱਤਾ ਜਾ ਰਿਹਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਬਣ ਰਹੀ ਉਸ ਮੈਡੀਕਲ ਯੂਨੀਵਰਸਿਟੀ ਨੂੰ ਹੁਣ ਤੱਕ ਸ਼ੁਰੂ ਨਹੀਂ ਕੀਤਾ ਗਿਆ ਜਿਸ ਦੀ ਸ਼ੁਰੂਆਤ ਖੁਦ ਪ੍ਰਧਾਨ ਮੰਤਰੀ ਨੇ ਕੀਤੀ ਸੀ। ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਸਹਾਰਨਪੁਰ, ਬਦਾਯੂੰ, ਆਗਰਾ, ਕਾਨਪੁਰ, ਜੌਨਪੁਰ, ਫਿਰੋਜ਼ਾਬਾਦ, ਝਾਂਸੀ, ਬਾਂਦਾ ਤੇ ਆਜ਼ਮਗੜ੍ਹ ਦੇ ਮੈਡੀਕਲ ਕਾਲਜਾਂ ਤੇ ਇੱਥੋਂ ਤੱਕ ਕਿ ਲਖਨਊ ਦੀ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਨੂੰ ਵੀ ਸਰਕਾਰ ਵੱਲੋਂ ਫੰਡ ਨਹੀਂ ਦਿੱਤਾ ਜਾ ਰਿਹਾ। ਜਦੋਂ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ, ਬੈੱਡਾਂ, ਦਵਾਈਆਂ ਤੇ ਇਲਾਜ ਦੀ ਲੋੜ ਸੀ ਤਾਂ ਇਹ ਸਰਕਾਰ ਕਿੱਥੇ ਸੀ? ਉਨ੍ਹਾਂ ਦੋਸ਼ ਲਾਇਆ ਕਿ ਉਸ ਸਮੇਂ ਸਰਕਾਰ ਨੇ ਲੋਕਾਂ ਨੂੰ ਅਨਾਥ ਛੱਡ ਦਿੱਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਪਿਛਲੀ ਸਪਾ ਸਰਕਾਰ ਦੇ ਕਾਰਜਕਾਲ ’ਚ ਬਣਾਈ ਗਈ ਲਖਨਊ ਸਥਿਤ ਕੈਂਸਰ ਇੰਸਟੀਚਿਊਟ ਨੂੰ ਪਿਛਲੇ ਚਾਰ ਸਾਲਾਂ ਤੋਂ ਕਿਉਂ ਨਹੀਂ ਖੋਲ੍ਹਿਆ ਗਿਆ। ਅਖਿਲੇਸ਼ ਨੇ ਇਹ ਵੀ ਕਿਹਾ ਕਿ ਕੁਸ਼ੀਨਗਰ ’ਚ ਹਾਲ ਹੀ ’ਚ ਲੋਕ ਅਰਪਣ ਕੀਤੇ ਗਏ ਕੌਮਾਂਤਰੀ ਹਵਾਈ ਅੱਡੇ ਲਈ ਫੰਡ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ’ਚ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਹੋਰ ਨੇਤਾ ਉਸ ਹਵਾਈ ਅੱਡੇ ਦਾ ਉਦਘਾਟਨ ਕਰਨ ਨਹੀਂ ਗਏ। ਉਹ ਉਸ ਨੂੰ ਦੇਖਣ ਗਏ ਸਨ ਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ ’ਚ ਉਸ ਹਵਾਈ ਅੱਡੇ ਨੂੰ ਵੀ ਵੇਚ ਦੇਣ। -ਪੀਟੀਆਈ
‘ਭਾਜਪਾ ਨੇ ਕਿਸਾਨਾਂ ਦੀ ਆਮਦਨ ਦੀ ਥਾਂ ਮਹਿੰਗਾਈ ਦੁੱਗਣੀ ਕੀਤੀ’
ਲਖਨਊ: ਦੇਸ਼ ਵਿੱਚ ਵਧ ਰਹੀ ਮਹਿੰਗਾਈ ’ਤੇ ਭਾਜਪਾ ਨੂੰ ਘੇਰਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉਸ ਨੇ ਕਿਸਾਨਾਂ ਨਾਲ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਪਰ ਦੇਸ਼ ਵਿੱਚ ਮਹਿੰਗਾਈ ਦੁੱਗਣ ਕਰ ਦਿੱਤੀ ਹੈ। ਉਤਰ ਪ੍ਰਦੇਸ਼ ਅਤੇ ਕੇਂਦਰ ਦੀ ਸੱਤਾਧਾਰੀ ਪਾਰਟੀ ’ਤੇ ਸ਼ਬਦੀ ਹਮਲਾ ਬੋਲਦਿਆਂ ਅਖਿਲੇਸ਼ ਨੇ ਕਿਹਾ, ‘‘ਭਾਜਪਾ ਦਾ ਕਮਲ ਝੂਠ ਅਤੇ ਫਰੇਬ ਦੀ ਦਲਦਲ ਵਿੱਚ ਵਧ-ਫੁੱਲ ਰਿਹਾ ਹੈ।’’ ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਭਾਜਪਾ ਸਰਕਾਰ ਚੋਣ-ਮਨੋਰਥ ਪੱਤਰ ਨੂੰ ਭੁੱਲ ਚੁੱਕੀ ਹੈ। ਉਸ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਇਸ ਦੀ ਥਾਂ ਦੇਸ਼ ਵਿੱਚ ਮਹਿੰਗਾਈ ਦੁੱਗਣੀ ਕਰ ਦਿੱਤੀ।’’ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਕਿਸਾਨਾਂ ਨੂੰ ਜਿਣਸ ਦਾ ਲਾਹੇਵੰਦ ਭਾਅ ਨਹੀਂ ਮਿਲ ਰਿਹਾ। ਲਖੀਮਪੁਰ ਦੇ ਖ਼ਰੀਦ ਕੇਂਦਰ ਵਿੱਚ ਇੱਕ ਕਿਸਾਨ ਨੇ ਝੋਨੇ ਨੂੰ ਅੱਗ ਲਾ ਦਿੱਤੀ। ਕਿਸਾਨ ਜਾਣਨਾ ਚਾਹੁੰਦੇ ਹਨ ਕਿ ਕੀ ਉਨ੍ਹਾਂ ਦੀ ਬਕਾਇਆ ਰਕਮ ਮਿਲੇਗੀ। ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ।’’ -ਪੀਟੀਆਈ