ਨਵੀਂ ਦਿੱਲੀ, 2 ਅਗਸਤ
ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁੱਖੀ ਬੀ.ਐੱਸ. ਧਨੋਆ ਨੇ ਅੱਜ ਕਿਹਾ ਕਿ ਜੇਕਰ ਭਵਿੱਖ ਵਿੱਚ ਚੀਨ ਨਾਲ ਕਿਸੇ ਵੀ ਤਰ੍ਹਾਂ ਦੀ ਹਵਾਈ ਜੰਗ ਹੁੰਦੀ ਹੈ ਤਾਂ ਪਹਾੜੀ ਖੇਤਰ ਤਿੱਬਤ ਵਿੱਚ ਰਾਫ਼ਾਲ ਜੰਗੀ ਜਹਾਜ਼ ਦਾ ਵੱਡਾ ਲਾਭ ਮਿਲੇਗਾ। ਇਨ੍ਹਾਂ ਜੰਗੀ ਜਹਾਜ਼ਾਂ ਦਾ ਇਸਤੇਮਾਲ ਦੁਸ਼ਮਣ ਦੀ ਹਵਾਈ ਰੱਖਿਆ ਪ੍ਰਣਾਲੀ ਤਹਿਸ-ਨਹਿਸ ਕਰਨ ਅਤੇ ਉਸ ਦੀ ਹਵਾਈ ਮਿਜ਼ਾਈਲ ਦੀ ਸਮਰੱਥਾ ਖ਼ਤਮ ਕਰਨ ਲਈ ਕੀਤਾ ਜਾ ਸਕੇਗਾ। ਬਾਲਾਕੋਟ ਹਵਾਈ ਹਮਲੇ ਦੇ ਰਣਨੀਤੀਕਾਰ ਵਜੋਂ ਜਾਣੇ ਜਾਂਦੇ ਸ੍ਰੀ ਧਨੋਆ ਨੇ ਕਿਹਾ ਕਿ ਲੜਾਈ ਦੌਰਾਨ ਐੱਸ-400 ਮਿਜ਼ਾਈਲ ਪ੍ਰਣਾਲੀ ਨਾਲ ਲੈਸ ਰਾਫ਼ਾਲ ਜੰਗੀ ਜਹਾਜ਼ ਇਸ ਸਾਰੇ ਖੇਤਰ ਵਿੱਚ ਭਾਰਤੀ ਹਵਾਈ ਸੈਨਾ ਨੂੰ ਵੱਡਾ ਲਾਭ ਦੇਣਗੇ ਅਤੇ ਭਾਰਤ ਦੇ ਵਿਰੋਧੀ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮਾਮਲੇ ਵਿੱਚ ਐੱਸ-400 ਮਿਜ਼ਾਈਲ ਤੇ ਰਾਫ਼ਾਲ ਦਾ ਇਸਤੇਮਾਲ ਪਾਕਿਸਤਾਨੀ ਜਹਾਜ਼ਾਂ ਨੂੰ ਉਨ੍ਹਾਂ ਦੀ ਹਵਾਈ ਸੀਮਾ ਵਿੱਚ ਡੇਗਣ ਲਈ ਕੀਤਾ ਜਾ ਸਕਦਾ ਹੈ, ਨਾ ਕਿ ਉਦੋਂ ਜਦੋਂ ਉਹ ਭਾਰਤੀ ਹੱਦ ਵਿੱਚ ਹੋਣ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਬਾਲਾਕੋਟ ਹਮਲੇ ਦਾ ਜਵਾਬ ਨਹੀਂ ਸੀ ਦੇ ਸਕਦਾ, ਜੇਕਰ ਉਸ ਵੇਲੇ ਭਾਰਤ ਕੋਲ ਫਰਾਂਸ ਦੇ ਬਣੇ ਹੋਏ ਰਾਫ਼ਾਲ ਜਹਾਜ਼ ਹੁੰਦੇ। ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਸ੍ਰੀ ਧਨੋਆ ਨੇ ਕਿਹਾ ਕਿ ਆਪਣੇ ਵਧੀਆ ਇਲੈਕਟ੍ਰੌਨਿਕ ਜੰਗੀ ਉਪਕਰਨਾਂ ਦੀ ਮਦਦ ਨਾਲ ਰਾਫ਼ਾਲ ਤਿੱਬਤ ਵਿੱਚ ਪਹਾੜੀ ਇਲਾਕੇ ਦਾ ਇਸਤੇਮਾਲ ਕਰਦੇ ਹੋਏ ਭਾਰਤ ਦੇ ਹਵਾਈ ਹਮਲੇ ਵਿੱਚ ਕਾਫੀ ਸਹਾਈ ਸਾਬਿਤ ਹੋ ਸਕਦਾ ਹੈ।