ਨਵੀਂ ਦਿੱਲੀ: ਸੀਪੀਆਈ (ਐਮ) ਆਗੂ ਬਰਿੰਦਾ ਕਰਾਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਭੀਮਾ-ਕੋਰੇਗਾਓਂ ਕੇਸ ’ਚ ਗ੍ਰਿਫ਼ਤਾਰ 11 ਕਾਰਕੁਨਾਂ ਨਾਲ ਕੀਤੇ ਜਾ ਰਹੇ ‘ਅਣਮਨੁੱਖੀ ਵਰਤਾਅ’ ਵੱਲ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਬਰਿੰਦਾ ਨੇ ਲਿਖਿਆ ਕਿ ਉਨ੍ਹਾਂ ਵਿਚੋਂ ਬਹੁਤੇ ਬੰਦੀ ਕਾਰਕੁਨਾਂ ਦੀ ਸਿਹਤ ਖ਼ਰਾਬ ਹੈ ਤੇ ਜਾਂਚ ਵਿਚ ਦੇਰੀ ਸਿਹਤ ਹੋਰ ਵਿਗਾੜ ਰਹੀ ਹੈ। ਸੀਪੀਐਮ ਆਗੂ ਨੇ ਸ਼ਾਹ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਇਸ ਲਈ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਰਹੇ ਹਨ ਕਿਉਂਕਿ ਐਨਆਈਏ ਉਨ੍ਹਾਂ ਦੇ ਮੰਤਰਾਲੇ ਦੇ ਦਾਇਰੇ ਵਿਚ ਹੈ ਜੋ ਇਸ ਕੇਸ ਦੀ ਜਾਂਚ ਕਰ ਰਹੀ ਹੈ। ਕਾਮਰੇਡ ਆਗੂ ਨੇ ਕਿਹਾ ਕਿ 9 ਜਣੇ ਤਾਂ ਕਰੀਬ ਦੋ ਸਾਲਾਂ ਤੋਂ ਜੇਲ੍ਹ ਵਿਚ ਹਨ। ਜਾਂਚ ਲਈ ਐਨਾ ਸਮਾਂ ਕਾਫ਼ੀ ਹੁੰਦਾ ਹੈ। ਐਨਆਈਏ ਲਗਾਤਾਰ ਜ਼ਮਾਨਤ ਦਾ ਵੀ ਵਿਰੋਧ ਕਰ ਰਹੀ ਹੈ। ਬਰਿੰਦਾ ਨੇ ਕਿਹਾ ਕਿ ਕਰੋਨਾ ਸੰਕਟ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋਰ ਵੀ ਵੱਧ ਗਿਆ ਹੈ। –ਪੀਟੀਆਈ