ਕੋਲਕਾਤਾ, 21 ਫਰਵਰੀ
ਪੱਛਮੀ ਬੰਗਾਲ ਸਰਕਾਰ ਨੇ ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਪ੍ਰਤੀ ਲਿਟਰ ਇੱਕ ਰੁਪਇਆ ਟੈਕਸ ਘਟਾਉਣ ਦਾ ਐਲਾਨ ਕੀਤਾ। ਟੈਕਸ ਘਟਾਉਣ ਸਬੰਧੀ ਇਹ ਨਿਰਦੇਸ਼ 22 ਫਰਵਰੀ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ। ਸੂਬੇ ਦੇ ਵਿੱਤ ਮੰਤਰੀ ਅਮਿਤ ਮਿਸ਼ਰਾ ਨੇ ਦੱਸਿਆ ਇਹ ਐਲਾਨ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਥੋੜ੍ਹੀ ਜਿਹੀ ਰਾਹਤ ਦੇਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਪੈਟਰੋਲ ’ਤੇ 39.90 ਫੀ ਲਿਟਰ ਟੈਕਸ (20 ਫਰਵਰੀ ਤਕ) ਉਗਰਾਹੁੰਦੀ ਹੈ ਜਦਕਿ ਸੂਬਾ ਸਰਕਾਰ ਨੂੰ ਲੱਗਪਗ 18.46 ਰੁਪਏ ਪ੍ਰਾਪਤ ਹੁੰਦੇ ਹਨ। ਇਸੇ ਤਰ੍ਹਾਂ ਡੀਜ਼ਲ ’ਤੇ ਵੀ ਕੇਂਦਰ ਸਰਕਾਰ 31.80 ਰੁਪਏ ਪ੍ਰਤੀ ਲਿਟਰ ਟੈਕਸ ਹਾਸਲ ਕਰਦੀ ਹੈ ਜਦਕਿ ਸੂਬਾ ਸਰਕਾਰ ਨੂੰ ਲੱਗਪਗ 12.77 ਰੁਪਏ ਮਿਲਦੇ ਹਨ।’ ਇੱਕ ਸਵਾਲ ਦੇ ਜਵਾਬ ’ਚ ਸ੍ਰੀ ਮਿਸ਼ਰਾ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਯੋਜਨਾ ਕਮਿਸ਼ਨ ਦੁਬਾਰਾ ਲਿਆਉਣ ਚਾਹੀਦਾ ਹੈ। -ਪੀਟੀਆਈ