ਪੁਣੇ, 22 ਮਈ
ਐਮਐੱਨਐੱਸ ਮੁਖੀ ਰਾਜ ਠਾਕਰੇ ਨੇ ਅੱਜ ਕਿਹਾ ਕਿ ਉਨ੍ਹਾਂ ਆਪਣਾ ਅਯੁੱਧਿਆ ਦੌਰਾ ਇਸ ਲਈ ਟਾਲਿਆ ਹੈ ਕਿ ਕਿਉਂਕਿ ਉਨ੍ਹਾਂ ਦੇ ਪਾਰਟੀ ਵਰਕਰਾਂ ਨੂੰ ਯੂਪੀ ਵਿਚ ਕਾਨੂੰਨੀ ਉਲਝਣ ’ਚ ਫਸਾਉਣ ਲਈ ‘ਜਾਲ’ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਜਵੀਜ਼ਸ਼ੁਦਾ ਦੌਰੇ ਦੁਆਲੇ ਜਿਸ ਤਰ੍ਹਾਂ ਦਾ ਸਿਆਸੀ ਘਟਨਾਕ੍ਰਮ ਵਾਪਰ ਰਿਹਾ ਹੈ, ਉਸ ਤੋਂ ਇਹ ਸਪੱਸ਼ਟ ਹੈ ਕਿ ਪਾਰਟੀ ਵਰਕਰਾਂ ਨੂੰ ‘ਫਸਾਉਣ ਦੀ ਸਾਜ਼ਿਸ਼’ ਰਚੀ ਜਾ ਰਹੀ ਹੈ। ਪੁਣੇ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ ਕਿ ਪਹਿਲੀ ਜੂਨ ਨੂੰ ਉਨ੍ਹਾਂ ਦੀ ਸਰਜਰੀ ਹੋਣੀ ਹੈ ਤੇ ਠੀਕ ਹੋਣ ਤੋਂ ਬਾਅਦ ਉਹ ਮੁੜ ਰੈਲੀ ਨੂੰ ਸੰਬੋਧਨ ਕਰਨਗੇ। ਰਾਜ ਠਾਕਰੇ ਨੇ ਦੁਹਰਾਇਆ ਕਿ ਜੇ ਮਸਜਿਦਾਂ ਉਤੇ ਲੱਗੇ ਲਾਊਡਸਪੀਕਰਾਂ ਸਬੰਧੀ ਆਵਾਜ਼ ਨਾਲ ਜੁੜੇ ਨੇਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਐਮਐੱਨਐੱਸ ਵਰਕਰ ਮੁੜ ਸੰਘਰਸ਼ ਸ਼ੁਰੂ ਕਰਨਗੇ। ਜ਼ਿਕਰਯੋਗ ਹੈ ਕਿ ਠਾਕਰੇ ਨੇ ਇਸ ਤੋਂ ਪਹਿਲਾਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਸੀ ਕਿ ਜਿਹੜੀਆਂ ਮਸਜਿਦਾਂ ਦੇ ਲਾਊਡਸਪੀਕਰਾਂ ਵਿਚ ‘ਅਜ਼ਾਨ’ ਚੱਲਦੀ ਹੈ, ਉਨ੍ਹਾਂ ਦੇ ਬਾਹਰ ਉਹ ਹਨੂੰਮਾਨ ਚਾਲੀਸਾ ਚਲਾਉਣ। ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਔਰੰਗਾਬਾਦ ਦਾ ਨਾਂ ਬਦਲ ਕੇ ਸੰਭਾਜੀ ਨਗਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਏਆਈਐਮਆਈਐਮ ਦੇ ਇਕ ਆਗੂ ਨੇ ਔਰੰਗਾਬਾਦ ਸਥਿਤ ਔਰੰਗਜ਼ੇਬ ਦੇ ਮਕਬਰੇ ਦਾ ਦੌਰਾ ਕੀਤਾ ਸੀ। ਇਸ ਮੌਕੇ ਰਾਜ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ’ਤੇ ਵੀ ਨਿਸ਼ਾਨਾ ਸੇਧਿਆ। ਦੱਸਣਯੋਗ ਹੈ ਕਿ ਸ਼ੁੱਕਰਵਾਰ ਰਾਜ ਠਾਕਰੇ ਨੇ ਐਲਾਨ ਕੀਤਾ ਸੀ ਕਿ 5 ਜੂਨ ਦਾ ਉਨ੍ਹਾਂ ਦਾ ਅਯੁੱਧਿਆ ਦੌਰਾ ਫ਼ਿਲਹਾਲ ਟਾਲਿਆ ਜਾ ਰਿਹਾ ਹੈ ਤੇ ਉਹ ਇਸ ਬਾਰੇ ਵਿਸਥਾਰ ਵਿਚ ਐਤਵਾਰ ਨੂੰ ਦੱਸਣਗੇ। ਜ਼ਿਕਰਯੋਗ ਹੈ ਕਿ ਠਾਕਰੇ ਨੂੰ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਪੀਟੀਆਈ
ਸ਼ਿਵ ਸੈਨਾ ਵੱਲੋਂ ਰਾਜ ਠਾਕਰੇ ਦਾ ਘਿਰਾਓ
ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐੱਮਐੱਨਐੱਸ) ਮੁਖੀ ਰਾਜ ਠਾਕਰੇ ਦੇ ਇਸ ਦਾਅਵੇ ਦੀ ਆਲੋਚਨਾ ਕੀਤੀ ਕਿ ਉਨ੍ਹਾਂ ਅਯੁੱਧਿਆ ਦਾ ਦੌਰਾ ਇਸ ਲਈ ਟਾਲਿਆ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਕਾਰਕੁਨਾਂ ਨੂੰ ਕਾਨੂੰਨੀ ਜਾਲ ’ਚ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਰਾਊਤ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਬੁਖਲਾਹਟ ’ਚ ਕੀਤੀਆਂ ਗਈਆਂ ਹਨ। ਸ਼ਿਵ ਸੈਨਾ ਦੇ ਮੁੱਖ ਬੁਲਾਰੇ ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਨਾ ਚਾਹਿਆ, ‘ਤੁਹਾਨੂੰ ਅਯੁੱਧਿਆ ਜਾਣ ਤੋਂ ਕੌਣ ਰੋਕ ਸਕਦਾ ਹੈ? ਕੀ ਸਾਜ਼ਿਸ਼ ਹੋ ਸਕਦੀ ਹੈ?’ ਰਾਊਤ ਨੇ ਦਾਅਵਾ ਕੀਤਾ ਕਿ ਇਹ ਭਾਜਪਾ ਦੀ ਹਮਾਇਤ ਹਾਸਲ ਯਾਤਰਾ ਸੀ ਤੇ ਯੂਪੀ ’ਚ ਭਾਜਪਾ ਦਾ ਹੀ ਰਾਜ ਹੈ। ਰਾਜ ਸਭਾ ਮੈਂਬਰ ਨੇ ਕਿਹਾ, ‘ਜੇਕਰ ਭਾਜਪਾ ਦੇ ਇੱਕ ਸੰਸਦ ਮੈਂਬਰ ਦਾ ਵਿਰੋਧ ਹੈ ਤਾਂ ਉਸ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਗੇ ਵਧੋ। ਤੁਹਾਨੂੰ ਕੌਣ ਫਸਾਏਗਾ। ਅਜਿਹੀਆਂ ਟਿੱਪਣੀਆਂ ਬੁਖਲਾਹਟ ’ਚ ਕੀਤੀਆਂ ਗਈਆਂ ਹਨ ਅਤੇ ਇਸ ਲਈ ਸਲਾਹ ਤੇ ਇਲਾਜ ਦੀ ਜ਼ਰੂਰਤ ਹੈ।’ -ਪੀਟੀਆਈ