ਗੁਹਾਟੀ/ਕੋਕਰਾਝਾੜ, 30 ਅਪਰੈਲ
ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਭਾਜਪਾ ਨੇ ਸਾਜ਼ਿਸ਼ ਘੜੀ ਸੀ ਅਤੇ ਇਸ ਸਬੰਧੀ ਨਿਰਦੇਸ਼ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਤੋਂ ਆਸਾਮ ਸਰਕਾਰ ਨੂੰ ਮਿਲੇ ਸਨ। ਆਪਣੀ ਜ਼ਮਾਨਤ ਸਬੰਧੀ ਕਾਰਵਾਈ ਮੁਕੰਮਲ ਕਰਨ ਮਗਰੋਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੁਜਰਾਤ ਪਰਤ ਕੇ ਲੋਕਾਂ ਨੂੰ ਦੱਸਣਗੇ ਕਿ ਕਿਵੇਂ ਉਸ ਨੂੰ ਝੂਠੇ ਕੇਸਾਂ ’ਚ ਫਸਾ ਕੇ ਪ੍ਰੇਸ਼ਾਨ ਕੀਤਾ ਗਿਆ ਸੀ। ਆਪਣੀ ਗ੍ਰਿਫ਼ਤਾਰੀ ਪਿੱਛੇ ਭਾਜਪਾ ਲੀਡਰਸ਼ਿਪ ਦਾ ਹੱਥ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ,‘‘ਆਸਾਮ ਪੁਲੀਸ ਮੈਨੂੰ ਅਚਾਨਕ ਕਿਉਂ ਗ੍ਰਿਫ਼ਤਾਰ ਕਰੇਗੀ ਅਤੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਿਉਂ ਕਰੇਗੀ? ਕਿਉਂਕਿ ਉਨ੍ਹਾਂ ਨੂੰ ਆਪਣੇ ਸਿਆਸੀ ਆਕਾਵਾਂ ਤੋਂ ਨਿਰਦੇਸ਼ ਮਿਲੇ ਸਨ।’’ ਮੇਵਾਨੀ ਨੇ ਕਿਹਾ ਕਿ ਇਹ ਉਸ ਨੂੰ ਪ੍ਰੇਸ਼ਾਨ ਕਰਨ ਦੀ ਸਾਜ਼ਿਸ਼ ਸੀ ਅਤੇ ਇਸ ਮਕਸਦ ਲਈ ਮਹਿਲਾ ਅਧਿਕਾਰੀ ਦੀ ਵਰਤੋਂ ਕੀਤੀ ਗਈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਾਇਰ ਅਤੇ ਸੂਬੇ ਦੇ ਸੱਭਿਆਚਾਰ ਖ਼ਿਲਾਫ਼ ਹਨ। ਗੁਹਾਟੀ ’ਚ ਉਸ ਨੇ ਕਿਹਾ ਕਿ ਝੂਠੀ ਐੱਫਆਈਆਰ ਦਰਜ ਕਰਨਾ ਅਤੇ ਡਾਕਟਰ ਬਾਬਾਸਾਹੇਬ ਅੰਬੇਦਕਰ ਦੇ ਸੰਵਿਧਾਨ ਦਾ ਘੋਰ ਅਪਮਾਨ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ, ਆਰਐੱਸਐੱਸ ਅਤੇ ਆਸਾਮ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਅਸਹਿਮਤੀ ਜਤਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਧਾਇਕ ਨੂੰ ਇੰਜ ਦੂਜੇ ਸੂਬੇ ’ਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਤਾਂ ਉੱਤਰ-ਪੂਰਬ ਸੂਬੇ ਦੇ ਕਿਸੇ ਵੀ ਅਸਹਿਮਤੀ ਜਤਾਉਣ ਵਾਲੇ ਨੂੰ ਦਰੜਿਆ ਜਾ ਸਕਦਾ ਹੈ। ‘ਸਰਕਾਰ ਮੇਰੀ ਹਿੰਮਤ ਨੂੰ ਦਰੜਨਾ ਚਾਹੁੰਦੀ ਹੈ ਪਰ ਮੇਰੇ ’ਤੇ ਕੋਈ ਅਸਰ ਨਹੀਂ ਹੋਵੇਗਾ।’ ਮੇਵਾਨੀ ਨੇ ਕਿਹਾ ਕਿ ਉਸ ਖ਼ਿਲਾਫ਼ ਜਿੰਨੀ ਮਰਜ਼ੀ ਐੱਫਆਈਆਰ ਦਰਜ ਕੀਤੀਆਂ ਜਾਣ, ਉਹ ਆਪਣੇ ਸਟੈਂਡ ਤੋਂ ਇਕ ਇੰਚ ਵੀ ਨਹੀਂ ਹਿਲੇਗਾ। -ਪੀਟੀਆਈ
ਮੇਵਾਨੀ ਖ਼ਿਲਾਫ਼ ਝੂਠੀ ਐੱਫਆਈਆਰ ਕਿਸ ਨੇ ਦਰਜ ਕਰਵਾਈ: ਚਿਦੰਬਰਮ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ’ਤੇ ਵਰ੍ਹਦਿਆਂ ਕਿਹਾ ਹੈ ਕਿ ਕੀ ਉਹ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਖ਼ਿਲਾਫ਼ ਦਰਜ ਝੂਠੀ ਐੱਫਆਈਆਰ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣਗੇ। ਆਸਾਮ ਦੀ ਇਕ ਅਦਾਲਤ ਨੇ ਮੇਵਾਨੀ ਖ਼ਿਲਾਫ਼ ਝੂਠੀ ਐੱਫਆਈਆਰ ਦਰਜ ਕੀਤੇ ਜਾਣ ’ਤੇ ਸੂਬਾ ਪੁਲੀਸ ਦੀ ਖਿਚਾਈ ਕੀਤੀ ਹੈ। ਬਾਰਪੇਟਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਪਰੇਸ਼ ਚੱਕਰਵਰਤੀ ਨੇ ਗੁਹਾਟੀ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਸੂਬਾ ਪੁਲੀਸ ਨੂੰ ਆਪਣੇ ਆਪ ਨੂੰ ਸੁਧਾਰਨ ਦੇ ਨਿਰਦੇਸ਼ ਦੇਵੇ। ਉਨ੍ਹਾਂ ਪਿਛਲੇ ਇਕ ਸਾਲ ਤੋਂ ਪੁਲੀਸ ਮੁਕਾਬਲਿਆਂ ਦਾ ਵੀ ਹਵਾਲਾ ਦਿੱਤਾ ਹੈ। ਇਸ ਘਟਨਾਕ੍ਰਮ ’ਤੇ ਪ੍ਰਤੀਕਰਮ ਦਿੰਦਿਆਂ ਚਿਦੰਬਰਮ ਨੇ ਕਿਹਾ ਕਿ ਅਦਾਲਤ ਨੇ ਪਾਇਆ ਕਿ ਕੋਈ ਸੋਝੀ ਵਾਲਾ ਵਿਅਕਤੀ ਦੋ ਪੁਰਸ਼ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ’ਚ ਕਿਸੇ ਮਹਿਲਾ ਪੁਲੀਸ ਅਧਿਕਾਰੀ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਐੱਫਆਈਆਰ ’ਚ ਕੋਈ ਦਮ ਨਹੀਂ ਹੈ। ਸਾਬਕਾ ਕੇਂਦਰੀ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਅਦਾਲਤ ਮੁਤਾਬਕ ਮੇਵਾਨੀ ਦੇ ‘ਬਿਮਾਰ’ ਹੋਣ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਵਾਨੀ ਬਿਮਾਰ ਨਹੀਂ ਹੈ ਤਾਂ ਫਿਰ ਝੂਠੀ ਐੱਫਆਈਆਰ ਕਿਸ ਨੇ ਦਰਜ ਕਰਵਾਈ ਅਤੇ ਕੋਈ ਨਾ ਕੋਈ ਬਿਮਾਰ ਤਾਂ ਹੋਵੇਗਾ ਹੀ। ਉਨ੍ਹਾਂ ਕਿਹਾ ਕਿ ਮੇਵਾਨੀ ਖ਼ਿਲਾਫ਼ ਐੱਫਆਈਆਰ ਦਰਜ ਕਰਾਉਣ ਵਾਲੇ ਵਿਅਕਤੀ ਦਾ ਪਤਾ ਲਾਉਣ ਲਈ ਕੀ ਆਸਾਮ ਦੇ ਮੁੱਖ ਮੰਤਰੀ ਕੇਸ ਸੀਬੀਆਈ ਹਵਾਲੇ ਕਰਨਗੇ। -ਪੀਟੀਆਈ