ਮੁੰਬਈ: ਸ਼ਿਵ ਸੈਨਾ ਦਾ ਵਫ਼ਦ ਅੱਜ ਮੁੰਬਈ ਵਿੱਚ ਬਾਂਦਰਾ ਪੁਲੀਸ ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਕਿ ਜਦੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਲੀਲਾਵਤੀ ਹਸਪਤਾਲ ਵਿੱਚ ਐੱਮਆਰਆਈ ਕਰਵਾ ਰਹੀ ਸੀ ਤਾਂ ਵੀਡੀਓਗ੍ਰਾਫ਼ੀ ਕਿਵੇਂ ਕੀਤੀ ਗਈ। ਵਫ਼ਦ ਵਿੱਚ ਸ਼ਿਵ ਸੈਨਾ ਦੇ ਐੱਮਐੱਲਸੀ ਮਨੀਸ਼ਾ ਕਾਇੰਦੇ, ਸਾਬਕਾ ਮੇਅਰ ਕਿਸ਼ੋਰੀ ਪੇਡਨੇਕਰ ਅਤੇ ਸੂਬੇ ਦੇ ਸੈਰ-ਸਪਾਟਾ ਮੰਤਰੀ ਆਦਿੱਤਿਆ ਠਾਕਰੇ ਦੇ ਨੇੜਲੇ ਸਹਿਯੋਗੀ ਰਾਹੁਲ ਕਨਾਲ ਸ਼ਾਮਲ ਸਨ। ਉਨ੍ਹਾਂ ਪੁਲੀਸ ਤੋਂ ਇਸ ਮਾਮਲੇ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਕਿ ਰਾਣਾ ਦੇ ਸੁਰੱਖਿਆ ਗਾਰਡਾਂ ਨੂੰ ਹਥਿਆਰਾਂ ਸਮੇਤ ਨਿੱਜੀ ਹਸਪਤਾਲ ਅੰਦਰ ਜਾਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਮਹਾਰਾਸ਼ਟਰ ਵਿੱਚ ਮਹਾ ਵਿਕਾਸ ਅਗਾੜੀ ਸਰਕਾਰ ਦੀ ਅਗਵਾਈ ਕਰ ਰਹੀ ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਹਸਪਤਾਲ ਵੱਲੋਂ ਸਪਸ਼ਟ ਤੌਰ ’ਤੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਸ਼ਿਵ ਸੈਨਾ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਰਾਣਾ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਮੁੱਖ ਮੰਤਰੀ ਊਧਵ ਠਾਕਰੇ ਅਤੇ ਉਸ ਦੀ ਅਗਵਾਈ ਵਾਲੀ ਪਾਰਟੀ ਦੀ ਖੁੱਲ੍ਹ ਕੇ ਆਲੋਚਨਾ ਕਰਦੀ ਆ ਰਹੀ ਹੈ। -ਪੀਟੀਆਈ