ਨਵੀਂ ਦਿੱਲੀ, 27 ਜਨਵਰੀ
ਦੇਸ਼ ਵਿੱਚ ਬਾਲ ਅਧਿਕਾਰ ਨਾਲ ਜੁੜੀ ਸੰਸਥਾ ਐੱਨਸੀਪੀਸੀਆਰ ਨੇ ਅੱਜ ਉਨ੍ਹਾਂ ਖ਼ਬਰਾਂ ਮਗਰੋਂ ਦਿੱਲੀ ਪੁਲੀਸ ਤੋਂ ਰਿਪੋਰਟ ਮੰਗੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਇੱਥੇ ਆਏ ਲਗਪਗ 250 ਬੱਚੇ ਪ੍ਰਦਰਸ਼ਨਕਾਰੀਆਂ ਨਾਲ ਲਾਲ ਕਿਲ੍ਹੇ ਵਿੱਚ ਦਾਖ਼ਲ ਹੋਣ ਸਮੇਂ ਫਸ ਗਏ ਹਨ। ਪੁਲੀਸ ਦੇ ਡਿਪਟੀ ਕਮਿਸ਼ਨਰ (ਉਤਰੀ) ਆਂਟੋ ਅਲਫਾਂਸ ਨੂੰ ਲਿਖੇ ਪੱਤਰ ਵਿੱਚ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਦੇ ਪ੍ਰਧਾਨ ਪ੍ਰਿਯਾਂਕ ਕਾਨੂੰਨਗੋ ਨੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਐੱਨਸੀਪੀਸੀਆਰ ਨੇ ਲਾਲ ਕਿਲ੍ਹੇ ਵਿੱਚ ਫਸੇ ਅਤੇ ਮਗਰੋਂ ਸੁਰੱਖਿਅਤ ਕੱਢੇ ਗਏ ਬੱਚਿਆਂ ਬਾਰੇ ਵੀ ਵੇਰਵੇ ਮੰਗੇ ਹਨ। ਉਧਰ ਕੇਂਦਰੀ ਸੱਭਿਆਚਾਰਕ ਅਤੇ ਸੈਰਸਪਾਟਾ ਮੰਤਰੀ ਪ੍ਰਹਲਾਦ ਪਟੇਲ ਨੇ ਬੁੱਧਵਾਰ ਨੂੰ ਲਾਲ ਕਿਲ੍ਹੇ ਦਾ ਦੌਰਾ ਕਰਕੇ ਇਤਿਹਾਸਕ ਇਮਾਰਤ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
-ਪੀਟੀਆਈ