ਮੁੰਬਈ, 29 ਅਕਤੂਬਰ
ਡਰੱਗਜ਼ ਕੇਸ ਵਿਚ ਬੰਬੇ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਦੇ ਬਾਵਜੂਦ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਰਿਹਾਈ ਅੱਜ ਸੰਭਵ ਨਹੀਂ ਹੋ ਸਕੀ। ਉਹ ਇਕ ਰਾਤ ਹੋਰ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਰਹੇਗਾ ਕਿਉਂਕਿ ਆਰੀਅਨ ਦੀ ਰਿਹਾਈ ਨਾਲ ਜੁੜੇ ਦਸਤਾਵੇਜ਼ ਜੇਲ੍ਹ ਪ੍ਰਸ਼ਾਸਨ ਕੋਲ ਸ਼ੁੱਕਰਵਾਰ ਸਮੇਂ ਸਿਰ ਨਹੀਂ ਪਹੁੰਚ ਸਕੇ, ਜਦਕਿ ਹਾਈ ਕੋਰਟ ਨੇ ਵੀ ਆਰੀਅਨ ਨੂੰ 14 ਸ਼ਰਤਾਂ ਉਤੇ ਜ਼ਮਾਨਤ ਦਿੱਤੀ ਹੈ। ਇਕ ਲੱਖ ਰੁਪਏ ਦਾ ਜ਼ਮਾਨਤੀ ਬਾਂਡ ਭਰਿਆ ਗਿਆ ਹੈ ਤੇ ਆਰੀਅਨ ਨੂੰ ਹਰ ਹਫ਼ਤੇ ਐਨਸੀਬੀ ਦੇ ਦਫ਼ਤਰ ਪੇਸ਼ ਹੋਣਾ ਪਵੇਗਾ। ਅੱਜ ਸ਼ਾਮ ਇਕ ਵਿਸ਼ੇਸ਼ ਅਦਾਲਤ ਨੇ ਆਰੀਅਨ ਦੀ ਰਿਹਾਈ ਲਈ ਵਿਸ਼ੇਸ਼ ਮੇਮੋ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਉਸ ਨੂੰ 25 ਦਿਨਾਂ ਬਾਅਦ ਵੀਰਵਾਰ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ। ਸ਼ਾਹਰੁਖ ਦੇ ਪੁੱਤਰ ਨੂੰ ਕਰੂਜ਼ ਸ਼ਿੱਪ ਵਿਚੋਂ ਬਰਾਮਦ ਹੋਏ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਆਰੀਅਨ ਦੀ ਲੀਗਲ ਟੀਮ ਦਸਤਾਵੇਜ਼ ਸਮੇਂ ਸਿਰ ਜਮ੍ਹਾਂ ਨਹੀਂ ਕਰ ਸਕੀ। ਸ਼ਾਹਰੁਖ ਦੀ ਦੋਸਤ ਤੇ ਅਭਿਨੇਤਰੀ ਜੂਹੀ ਚਾਵਲਾ ਨੇ 23 ਸਾਲਾ ਆਰੀਅਨ ਲਈ ਜ਼ਮਾਨਤੀ ਬਾਂਡ ਭਰਿਆ। ਜ਼ਿਕਰਯੋਗ ਹੈ ਕਿ ਜੂਹੀ ਤੇ ਸ਼ਾਹਰੁਖ ਪੇਸ਼ੇਵਰ ਤੌਰ ’ਤੇ ਵੀ ਜੁੜੇ ਹੋਏ ਹਨ ਤੇ ਫ਼ਿਲਮ ਕੰਪਨੀ ਵੀ ਚਲਾਉਂਦੇ ਹਨ। ਸੀਨੀਅਰ ਜੇਲ੍ਹ ਅਧਿਕਾਰੀ ਨੇ ਕਿਹਾ ਕਿ ਉਹ ਕਿਸੇ ਨਾਲ ਵਿਸ਼ੇਸ਼ ਵਿਹਾਰ ਨਹੀਂ ਕਰਦੇ ਤੇ ਕਾਨੂੰਨ ਸਾਰਿਆਂ ਲਈ ਇਕ ਹੈ। ਜ਼ਮਾਨਤ ਦੇ ਪੇਪਰ ਜਮ੍ਹਾ ਕਰਾਉਣ ਦਾ ਸਮਾਂ 5.30 ਵਜੇ ਤੱਕ ਸੀ। ਇਸ ਲਈ ਮੁਲਜ਼ਮ ਨੂੰ ਅੱਜ ਰਿਹਾਅ ਨਹੀਂ ਕੀਤਾ ਜਾ ਸਕਦਾ। ਹਾਈ ਕੋਰਟ ਨੇ ਆਰੀਅਨ ਤੇ ਦੂਜੇ ਮੁਲਜ਼ਮਾਂ- ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇਣ ਬਦਲੇ 14 ਸ਼ਰਤਾਂ ਲਾਈਆਂ ਹਨ। ਤਿੰਨਾਂ ਨੂੰ ਆਪਣੇ ਪਾਸਪੋਰਟ ਐਨਡੀਪੀਐੱਸ ਕੋਰਟ ’ਚ ਦੇਣੇ ਪੈਣਗੇ। ਬਿਨਾਂ ਇਜਾਜ਼ਤ ਉਹ ਦੇਸ਼ ਨਹੀਂ ਛੱਡ ਸਕਣਗੇ। ਉਨ੍ਹਾਂ ਨੂੰ ਹਰ ਸ਼ੁੱਕਰਵਾਰ 11 ਤੋਂ ਦੋ ਵਜੇ ਤੱਕ ਐਨਸੀਬੀ ਦਫ਼ਤਰ ਹਾਜ਼ਰੀ ਲਵਾਉਣੀ ਪਵੇਗੀ। ਜੱਜ ਵਿਸਤਾਰ ਵਿਚ ਜ਼ਮਾਨਤ ਦਾ ਹੁਕਮ ਅਗਲੇ ਹਫ਼ਤੇ ਜਾਰੀ ਕਰਨਗੇ। ਹਾਈ ਕੋਰਟ ਨੇ ਕਿਹਾ ਕਿ ਮੁਲਜ਼ਮ ਵੱਲੋਂ ਕਿਸੇ ਵੀ ਸ਼ਰਤ ਦੀ ਉਲੰਘਣਾ ’ਤੇ ਕੇਸ ਦੀ ਜਾਂਚ ਕਰ ਰਹੀ ਐਨਸੀਬੀ ਜ਼ਮਾਨਤ ਰੱਦ ਕਰਨ ਲਈ ਅਰਜ਼ੀ ਦੇ ਸਕਦੀ ਹੈ। ਹਾਈ ਕੋਰਟ ਨੇ ਨਾਲ ਹੀ ਕਿਹਾ ਕਿ ਤਿੰਨੇ ਮੁਲਜ਼ਮ ਕੇਸ ਨਾਲ ਜੁੜੇ ਕਿਸੇ ਵੀ ਹੋਰ ਮੁਲਜ਼ਮ ਨਾਲ ਸੰਪਰਕ ਨਹੀਂ ਰੱਖਣਗੇ ਤੇ ਜਦ ਵੀ ਸੱਦਿਆ ਜਾਵੇਗਾ ਹਾਜ਼ਰ ਹੋਣਗੇ। -ਪੀਟੀਆਈ