ਈਟਾਨਗਰ, 15 ਨਵੰਬਰ
ਮਨੀਪੁਰ ਵਿੱਚ ਦੋ ਦਿਨ ਪਹਿਲਾਂ ਅਤਿਵਾਦੀ ਹਮਲੇ ਵਿੱਚ ਆਸਾਮ ਰਾਈਫਲਜ਼ ਦੇ ਪੰਜ ਅਧਿਕਾਰੀ ਮਾਰੇ ਗਏ ਸਨ ਜਿਨ੍ਹਾਂ ਵਿੱਚ ਇਕ ਕਮਾਂਡਿੰਗ ਅਫਸਰ ਤੇ ੳਸ ਦੀ ਪਤਨੀ ਤੇ ਬੱਚਾ ਵੀ ਸ਼ਾਮਲ ਸਨ। ਇਸੇ ਦੌਰਾਨ ਨੀਮ ਸੁਰੱਖਿਆ ਦਲ ਆਸਾਮ ਰਾਈਫਲਜ਼ ਨੇ ਅੱਜ ਕਾਰਵਾਈ ਕਰਦਿਆਂ ਨੈਸ਼ਨਲ ਸੋਸ਼ਲਿਸਟ ਕਾਊਂਸਿਲ ਆਫ ਨਾਗਾਲੈਂਡ ਨਾਲ ਸਬੰਧਤ ਤਿੰਨ ਅਤਿਵਾਦੀਆਂ ਨੂੰ ਅਰੁਣਾਚਲ ਪ੍ਰਦੇਸ਼ ਦੇ ਲੌਂਗਡਿੰਗ ਜ਼ਿਲ੍ਹੇ ਦੇ ਘੱਟ ਆਬਾਦੀ ਵਾਲੇ ਵਾਕਾ ਇਲਾਕੇ ਦੇ ਪਿੰਡ ਖੋਗਲਾ ਵਿੱਚ ਮਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਸਾਮ ਰਾਈਫਲਜ਼ ਦੇ ਮਾਰੇ ਗਏ ਅਧਿਕਾਰੀਆਂ ਵਿੱਚ ਕਰਨਲ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਸੀ। ਡਿਪਟੀ ਕਮਿਸ਼ਨਰ ਬਾਨੀ ਲੇਗੋ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਆਸਾਮ ਰਾਈਫਲਜ਼ ਦਾ ਇਕ ਜਵਾਨ ਵੀ ਜ਼ਖ਼ਮੀ ਹੋ ਗਿਆ। ਪਿੰਡ ਖੋਗਲਾ ਮਿਆਂਮਾਰ ਹੱਦ ਕੋਲ ਸਥਿਤ ਹੈ ਤੇ ਅਤਿਵਾਦੀਆਂ ਦੀਆਂ ਲਾਸ਼ਾਂ ਲੈਣ ਲਈ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਨੂੰ ਭੇਜਿਆ ਗਿਆ ਸੀ। ਬਾਅਦ ਵਿੱਚ ਇਹ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ। – ਪੀਟੀਆਈ