ਨਵੀਂ ਦਿੱਲੀ, 4 ਅਕਤੂਬਰ
ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਚੀਨ ਦੀਆਂ ਗਤੀਵਿਧੀਆਂ ਨਾਲ ਨਜਿੱਠਣ ਲਈ ਤਣਾਅ ਨਾ ਵਧਾਉਣ ਵਾਲੇ ਢੁੱਕਵੇਂ ਕਦਮ ਚੁੱਕੇ ਹਨ। 8 ਅਕਤੂਬਰ ਨੂੰ ਹਵਾਈ ਸੈਨਾ ਦਿਵਸ ਦੇ ਮੱਦੇਨਜ਼ਰ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਆਲਮੀ ਪੱਧਰ ’ਤੇ ਹਾਲ ਹੀ ’ਚ ਵਾਪਰੀਆਂ ਘਟਨਾਵਾਂ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਮਜ਼ਬੂਤ ਸੈਨਾ ਦੀ ਲੋੜ ਬਾਰੇ ਦੱਸਦੀਆਂ ਹਨ।
ਏਅਰ ਚੀਫ ਮਾਰਸ਼ਲ ਚੌਧਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਸਭ ਤੋਂ ਖਰਾਬ ਸਥਿਤੀ ਸਮੇਤ ਹਰ ਤਰ੍ਹਾਂ ਦੀਆਂ ਸੁਰੱਖਿਆ ਚੁਣੌਤੀਆਂ ਲਈ ਤਿਆਰੀ ਕਰ ਰਹੀ ਹੈ ਅਤੇ ਉਹ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਸਰਗਰਮੀ ਨਾਲ ਤਾਇਨਾਤ ਤੇ ਚੌਕਸ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਐੱਲਏਸੀ ’ਤੇ ਚੀਨ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੀ ਰਹੇਗੀ। ਚੀਨ ਵੱਲੋਂ ਐੱਲਏਸੀ ਨੇੜੇ ਲੜਾਕੂ ਜਹਾਜ਼ ਉਡਾਉਣ ਦੀਆਂ ਹਾਲ ਹੀ ’ਚ ਵਾਪਰੀਆਂ ਘਟਨਾਵਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਤਣਾਅ ਨਾ ਵਧੇ ਇਸ ਲਈ ਢੁੱਕਵੇਂ ਕਦਮ ਚੁੱਕੇ ਗਏ ਹਨ ਤੇ ਗੁਆਂਢੀ ਮੁਲਕ ਨੂੰ ਇੱਕ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਉਦੋਂ ਹੀ ਸਾਜ਼ਗਾਰ ਮੰਨੀ ਜਾਵੇਗੀ ਜਦੋਂ ਪੂਰਬੀ ਲੱਦਾਖ ’ਚ ਸਥਿਤੀ ਸਥਿਰ ਬਣਾਈ ਜਾਵੇਗੀ ਅਤੇ ਵਿਵਾਦ ਵਾਲੀਆਂ ਸਾਰੀਆਂ ਥਾਵਾਂ ਤੋਂ ਫੌਜੀ ਪੂਰੀ ਤਰ੍ਹਾਂ ਹਟਾ ਲਏ ਜਾਣਗੇ। ਤਿੰਨਾਂ ਸੈਨਾਵਾਂ ਦੇ ਏਕੀਕਰਨ ਦੀ ਵੱਕਾਰੀ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਭਵਿੱਖ ਦੀਆਂ ਜੰਗਾਂ ਲਈ ਸਹਿਯੋਗੀ ਸੈਨਾਵਾਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਨੂੰ ਸਮਝਦੀ ਹੈ। -ਪੀਟੀਆਈ
ਅਗਨੀਵੀਰ ਯੋਜਨਾ ਤਹਿਤ ਮਹਿਲਾਵਾਂ ਦੀ ਭਰਤੀ ਅਗਲੇ ਸਾਲ
ਹਵਾਈ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਅਗਨੀਵੀਰ ਯੋਜਨਾ ਤਹਿਤ ਅਗਲੇ ਸਾਲ ਮਹਿਲਾਵਾਂ ਦੀ ਭਰਤੀ ਕਰੇਗੀ ਅਤੇ ਕੁੱਲ ਭਰਤੀ 10 ਫੀਸਦ ਦੇ ਕਰੀਬ ਹੋਵੇਗੀ। ਉਨ੍ਹਾਂ ਕਿਹਾ ਕਿ ਮਹਿਲਾ ਅਫਸਰਾਂ ਦਾ ਉੱਚਾ ਅਨੁਪਾਤ ਸਾਡੀ ਮਹਿਲਾਵਾਂ ਨੂੰ ਬਰਾਬਰ ਮੌਕੇ ਦੇਣ ਦੀ ਵਚਨਬੱਧਤਾ ਦਾ ਸਬੂਤ ਹੈ।
8 ਅਕਤੂਬਰ ਨੂੰ ਜਾਰੀ ਹੋਵੇਗੀ ਨਵੀਂ ਵਰਦੀ
ਚੰਡੀਗੜ੍ਹ (ਟਨਸ): ਭਾਰਤੀ ਹਵਾਈ ਸੈਨਾ ਵੱਲੋਂ ਅੱਠ ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਦਿਵਸ ’ਤੇ ਚੰਡੀਗੜ੍ਹ ਦੇ ਸੁਖਨਾ ਝੀਲ ’ਤੇ ‘ਏਅਰ ਸ਼ੋਅ’ ਕਰਵਾਇਆ ਜਾ ਰਿਹਾ ਹੈ। ‘ਏਅਰ ਸ਼ੋਅ’ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਤਿੰਨਾਂ ਸੈਨਾਵਾਂ ਦੇ ਪ੍ਰਮੁੱਖ ਹਿੱਸਾ ਲੈਣਗੇ। ਇਸ ਮੌਕੇ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਦੀ ਨਵੀਂ ਵਰਦੀ ਵੀ ਜਾਰੀ ਕੀਤੀ ਜਾਵੇਗੀ। ਭਾਰਤੀ ਹਵਾਈ ਸੈਨਾ ਦਿਵਸ ’ਤੇ ਸਵੇਰੇ ਏਅਰ ਫੋਰਸ ਸਟੇਸ਼ਨ ’ਤੇ ਪਰੇਡ ਕੀਤੀ ਜਾਵੇਗੀ। ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਨੰਦੀ ਨੇ ਦੱਸਿਆ ਕਿ 6 ਅਤੇ 8 ਅਕਤੂਬਰ ਨੂੰ ਹੋਣ ਵਾਲੇ ‘ਏਅਰ ਸ਼ੋਅ’ ਮੌਕੇ ਪ੍ਰਚੰਡ ਤੇ ਸੂਰਿਆ ਕਿਰਨ ਸਣੇ 80 ਕਿਸਮ ਦੇ ਲੜਾਕੂ ਜਹਾਜ਼ ਕਰਤਬ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਚੇਤਕ, ਚੀਤਾ, ਡੌਰਨੀਅਰ ਅਤੇ ਐਵਰੋ ‘ਏਅਰਸ਼ੋਅ’ ਵਿੱਚ ਹਿੱਸਾ ਨਹੀਂ ਲੈਣਗੇ। ਦੱਸਣਯੋਗ ਹੈ ਕਿ ਭਾਰਤੀ ਹਵਾਈ ਸੈਨਾ ਵੱਲੋਂ ਮੁੱਖ ਪ੍ਰੋਗਰਾਮ 8 ਅਕਤੂਬਰ 2022 ਨੂੰ ਸੁਖਨਾ ਝੀਲ ’ਤੇ ਉਲੀਕਿਆ ਗਿਆ ਹੈ। ਉਸ ਤੋਂ ਪਹਿਲਾਂ 6 ਅਕਤੂਬਰ ਨੂੰ ਵੀ ਸੁਖਨਾ ਝੀਲ ’ਤੇ ਸਾਰੇ ਜਹਾਜ਼ ਆਪਣੀ ਪੇਸ਼ਕਾਰੀ ਦੇਣਗੇ। ਅੱਜ ਵੀ ਹਵਾਈ ਸੈਨਾ ਦੇ ਜਵਾਨਾਂ ਨੇ ਰਿਹਰਸਲ ਕੀਤੀ ਹੈ।