ਨਵੀਂ ਦਿੱਲੀ, 7 ਅਕਤੂਬਰ
ਦਿੱਲੀ ਹਾਈ ਕੋਰਟ ਨੇ ਅੱਜ ਮੁੰਬਈ ਪੁਲੀਸ ਦੇ ਸਾਬਕਾ ਅਧਿਕਾਰੀ ਸਚਿਨ ਵਾਜ਼ੇ ਦੀ ਅੰਟੀਲੀਆ ਬੰਬ ਮਾਮਲੇ ਵਿੱਚ ਉਸ ਖ਼ਿਲਾਫ਼ ਯੂਏਪੀਏ ਦੀਆਂ ਧਾਰਾਵਾਂ ਤਹਿਤ ਕੇਸ ਚਲਾਉਣ ਦੀ ਮਨਜ਼ੂਰੀ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ। ਜਸਟਿਸ ਮੁਕਤਾ ਗੁਪਤਾ ਤੇ ਅਨੀਸ਼ ਦਿਆਲ ਦੇ ਬੈਂਚ ਨੇ ਕਿਹਾ, ‘‘ਸੁਣਵਾਈ ਅਧਿਕਾਰ ਖੇਤਰ ਵਿੱਚ ਨਾ ਹੋਣ ਕਾਰਨ ਪਟੀਸ਼ਨ ਖਾਰਜ ਕੀਤੀ ਹੈ।’’ ਇਸ ਤੋਂ ਪਹਿਲਾਂ ਕੇਂਦਰ ਨੇ ਇਸ ਆਧਾਰ ’ਤੇ ਵਾਜ਼ੇ ਦੀ ਪਟੀਸ਼ਨ ਦੀ ਵਿਰੋਧ ਕੀਤਾ ਸੀ ਕਿ ਇਹ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਯੋਗ ਨਹੀਂ ਤੇ ਇਹ ਬੰਬੇ ਹਾਈ ਕੋਰਟ ਵਿੱਚ ਦਾਇਰ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਪੂਰਾ ਘਟਨਾਕ੍ਰਮ ਮੁੰਬਈ ਵਿੱਚ ਵਾਪਰਿਆ ਸੀ। ਸਚਿਨ ਵਾਜ਼ੇ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਸੀ ਪਟੀਸ਼ਨ ’ਤੇ ਸੁਣਵਾਈ ਕਰਨਾ ਉਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਕਿਉਂਕਿ ਇਹ ਹੁਕਮ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਵਿੱਚ ਪਾਸ ਕੀਤਾ ਸੀ। -ਪੀਟੀਆਈ