ਲਖਨਊ, 14 ਅਗਸਤ
ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਜੈਸ਼-ਏ-ਮੁਹੰਮਦ ਨਾਲ ਜੁੜੇ ਅਤਿਵਾਦੀ ਮੁਹੰਮਦ ਨਦੀਮ ਦੀ ਹਾਲੀਆ ਗ੍ਰਿਫਤਾਰੀ ਤੋਂ ਬਾਅਦ ਇਸੇ ਜਥੇਬੰਦੀ ਨਾਲ ਸਬੰਧਤ 19 ਸਾਲਾ ਵਿਅਕਤੀ ਹਬੀਬੁਲ ਇਸਲਾਮ ਉਰਫ ਸੈਫਉੱਲਾ ਨੂੰ ਕਾਨਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਲੇ ਜਥੇਬੰਦੀ ਦੇ ਆਗੂਆਂ ਨਾਲ ਸੰਪਰਕ ਵਿੱਚ ਸੀ।
ਯੂਪੀ ਏਟੀਐੱਸ ਨੇ ਇੱਕ ਬਿਆਨ ਵਿੱਚ ਕਿਹਾ, ‘‘ਨਦੀਮ ਤੋਂ ਪੁੱਛ-ਪੜਤਾਲ ਤੋਂ ਬਾਅਦ ਸੈਫਉੱਲਾ ਨੂੰ ਫਤਿਹਪੁਰ ਤੋਂ ਕਾਨਪੁਰ ਲਿਆਂਦਾ ਗਿਆ। ਇਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਸੈਫਉੱਲਾ ਨੇ ਮੰਨਿਆ ਕਿ ਉਹ ਨਦੀਮ ਨੂੰ ਜਾਣਦਾ ਹੈ ਅਤੇ ਦੋਵੇਂ ਜੈਸ਼ ਨਾਲ ਸਬੰਧ ਰੱਖਦੇ ਹਨ।’’ ਏਟੀਐੱਸ ਨੇ ਦੱਸਿਆ ਸੈਫਉੱਲਾ ਵਰਚੁਅਲ ਆਈਡੀਜ਼ ਬਣਾਉਣ ਵਿੱਚ ਮਾਹਿਰ ਹੈ ਅਤੇ ਉਸ ਨੇ ਨਦੀਮ ਤੋਂ ਇਲਾਵਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਲੇ ਅਤਿਵਾਦੀਆਂ ਨੂੰ ਕਰੀਬ 50 ਆਈਡੀਜ਼ ਮੁਹੱਈਆ ਕਰਵਾਈਆਂ ਹਨ। ਉਸ ਕੋਲੋਂ ਇੱਕ ਮੋਬਾਈਲ ਫੋਨ, ਇੱਕ ਸਿਮ ਕਾਰਡ ਤੇ ਇੱਕ ਚਾਕੂ ਬਰਾਮਦ ਕੀਤਾ ਗਿਆ ਹੈ। -ਪੀਟੀਆਈ