ਨਵੀਂ ਦਿੱਲੀ, 4 ਜਨਵਰੀ
ਦੇਸ਼ ਦੇ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹੁਣ ਤੱਕ ‘ਓਮੀਕਰੋਨ’ ਦੇ 1,892 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 766 ਲੋਕ ਠੀਕ ਹੋ ਗਏ ਹਨ ਜਾਂ ਵਿਦੇਸ਼ ਚਲੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਅੱਜ ਅੱਪਡੇਟ ਕੀਤੇ ਅੰਕੜਿਆਂ ਦੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 568 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 382, ਕੇਰਲ ਵਿੱਚ 185, ਰਾਜਸਥਾਨ ਵਿੱਚ 174, ਗੁਜਰਾਤ ਵਿੱਚ 152 ਅਤੇ ਤਾਮਿਲਨਾਡੂ ਵਿੱਚ 121 ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਅੱਪਡੇਟ ਅੰਕੜਿਆਂ ਅਨੁਸਾਰ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 37,379 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 3,49,60,261 ਹੋ ਗਈ ਹੈ ਤੇ 124 ਹੋਰ ਮੌਤਾਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,82,017 ਹੋ ਗਈ ਹੈ।