ਚਿਤਰਦੁਰਗ (ਕਰਨਾਟਕ): ਭਾਜਪਾ ਨੇਤਾ ਤੇ ਪੇਸ਼ੇ ਤੋਂ ਵਕੀਲ ਜੀ ਦੇਵਰਾਜ ਗੌੜਾ ਨੂੰ ਹਾਸਨ ਤੋਂ ਜਨਤਾ ਦਲ ਸੈਕੁਲਰ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨਾਲ ਕਥਿਤ ਤੌਰ ’ਤੇ ਸਬੰਧਤ ਇੱਕ ਅਸ਼ਲੀਲ ਵੀਡੀਓ ਜਨਤਕ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਗਰੋਂ ਦੇਵਰਾਜ ਗੌੜਾ ਨੂੰ ਪੁੱਛ ਪੜਤਾਲ ਲਈ ਹੋਲੇਨਾਰਾਸੀਪੁਰਾ ਲਿਜਾਇਆ ਗਿਆ। ਪੁਲੀਸ ਅਨੁਸਾਰ ਪੈੱਨ ਡਰਾਈਵ ਰਾਹੀਂ ਵੀਡੀਓ ਲੀਕ ਕਰਨ ਦੇ ਦੋਸ਼ ਹੇਠ ਦੇਵਰਾਜ ਗੌੜਾ ਨੂੰ ਹਿਰੀਯੁਰ ਪੁਲੀਸ ਨੇ ਚਿਤਰਦੁਰਗ ਜ਼ਿਲ੍ਹੇ ਦੇ ਗੁਲੀਹਾਲ ਟੌਲ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਗੌੜਾ ਨੂੰ ਹਾਸਨ ਥਾਣੇ ਤੋਂ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਕਰਨਾਟਕ ’ਚ 26 ਅਪਰੈਲ ਨੂੰ ਵੋਟਿੰਗ ਤੋਂ ਪਹਿਲਾਂ ਪ੍ਰਜਵਲ ਨਾਲ ਕਥਿਤ ਤੌਰ ’ਤੇ ਜੁੜੀਆਂ ਕਈ ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ ਸਨ। ਦੇਵਰਾਜ ਗੌੜਾ ’ਤੇ ਇਨ੍ਹਾਂ ਵੀਡੀਓਜ਼ ਨੂੰ ਲੀਕ ਕਰਨ ਦਾ ਦੋਸ਼ ਹੈ ਜਿਸ ਨੂੰ ਉਹ ਸਿਰੇ ਤੋਂ ਖਾਰਜ ਕਰ ਚੁੱਕੇ ਹਨ। ਐੱਚਡੀ ਦੇਵਗੌੜਾ ਦਾ ਪੋਤਾ ਪ੍ਰਜਵਲ ਰੇਵੰਨਾ ਫਰਾਰ ਹੈ ਅਤੇ ਇੰਟਰਪੋਲ ਨੇ ਉਸ ਖ਼ਿਲਾਫ਼ ‘ਬਲੂ ਕਾਰਨਰ’ ਨੋਟਿਸ ਜਾਰੀ ਕੀਤਾ ਹੈ। ਪ੍ਰਜਵਲ ਖ਼ਿਲਾਫ਼ ਜਬਰ ਜਨਾਹ, ਜਿਨਸੀ ਛੇੜਛਾੜ, ਬਲੈਕ ਮੇਲਿੰਗ ਤੇ ਧਮਕਾਉਣ ਸਮੇਤ ਵੱਖ ਵੱਖ ਦੋਸ਼ਾਂ ਹੇਠ ਤਿੰਨ ਕੇਸ ਦਰਜ ਹਨ। -ਪੀਟੀਆਈ