ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਰਕਾਰ ਵੱਲੋਂ 7 ਜੂਨ ਤੋਂ ਮੈਟਰੋ ਸੇਵਾਵਾਂ ਅੱਧੀ ਸਮਰੱਥਾ ਨਾਲ ਚਲਾਉਣ ਦੇ ਫ਼ੈਸਲੇ ਮਗਰੋਂ ਏਮਜ਼ ਦੇ ਚੇਅਰਪਰਸਨ ਤੇ ਮੈਡੀਸਨ ਵਿਭਾਗ ਦੇ ਮੁਖੀ ਡਾ. ਵਿੱਜ ਨੇ ਕਿਹਾ ਕਿ ਕੋਵਿਡ-19 ਕਾਰਨ ਮੈਟਰੋ ਅਥਾਰਟੀ ਨੂੰ ਵਾਧੂ ਚੌਕਸੀ ਵਰਤਦਿਆਂ ਮੈਟਰੋ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਕੋਵਿਡ- 19 ਦੇ ਹਾਲਾਤ ਮੁੜ ਵਿਗੜ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮੈਟਰੋ ਤੁਰੰਤ ਨਹੀਂ ਸ਼ੁਰੂ ਕਰਨੀ ਚਾਹੀਦੀ ਬਲਕਿ 1-2 ਮਹੀਨੇ ਦੌਰਾਨ 30-35 ਫ਼ੀਸਦੀ ਸਮੱਰਥਾ ਨਾਲ ਤਜਰਬਾ ਕਰਨਾ ਚਾਹੀਦਾ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਟਵੀਟ ਕੀਤਾ ਕਿ ਯਾਤਰੀਆਂ ਨੂੰ ਸਿਰਫ਼ ਸੀਟਾਂ ਉਪਰ ਬੈਠ ਕੇ ਹੀ ਸਫ਼ਰ ਕਰਨ ਦੀ ਆਗਿਆ ਹੋਵੇਗੀ ਤੇ ਉਹ ਇੱਕ ਸੀਟ ਛੱਡ ਕੇ ਦੂਜੀ ਸੀਟ ਉਪਰ ਬੈਠਣਗੇ ਪਰ ਅਗਲੀਆਂ ਹਦਾਇਤਾਂ ਤੱਕ ਕਿਸੇ ਵੀ ਮੁਸਾਫ਼ਿਰ ਨੂੰ ਮੈਟਰੋ ਅੰਦਰ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਆਗਿਆ ਨਹੀਂ ਹੋਵੇਗੀ। ਇਸ ਤਰ੍ਹਾਂ ਮੈਟਰੋ ਆਪਣੀ ਸਮਰੱਥਾ ਦਾ ਸਿਰਫ਼ 10-15% ਹੀ ਇਸਤੇਮਾਲ ਕਰ ਸਕੇਗੀ। ਹਰ ਵਿਅਕਤੀ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ।