ਆਗਰਾ (ਯੂਪੀ), 5 ਅਕਤੂਬਰ
ਇਥੋਂ ਦੇ ਨਿੱਜੀ ਹਸਪਤਾਲ ਵਿੱਚ ਅੱਜ ਤੜਕੇ ਅੱਗ ਲੱਗਣ ਕਾਰਨ ਹਸਪਤਾਲ ਦੇ ਮਾਲਕ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਹਸਪਤਾਲ ਦਾ ਮਾਲਕ ਅਤੇ ਉਸ ਦਾ ਪਰਿਵਾਰ, ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਰਹਿੰਦਾ ਸੀ ਤੇ ਅੱਗ ਲੱਗਣ ਸਮੇਂ ਉਸ ਵਿੱਚ ਫਸ ਗਿਆ। ਪੁਲੀਸ ਸੁਪਰਡੈਂਟ (ਸਿਟੀ) ਵਿਕਾਸ ਕੁਮਾਰ ਨੇ ਦੱਸਿਆ ਕਿ ਅੱਗ ਸਵੇਰੇ 5.30 ਵਜੇ ਦੇ ਕਰੀਬ ਨਾਰੀਪੁਰਾ ਖੇਤਰ ਵਿੱਚ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਲੱਗੀ। ਪ੍ਰਾਈਵੇਟ ਹਸਪਤਾਲ ਦਾ ਮਾਲਕ ਅਤੇ ਉਸ ਦਾ ਪਰਿਵਾਰ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਰਹਿੰਦਾ ਸੀ ਅਤੇ ਹਸਪਤਾਲ ਹੇਠਲੀ ਮੰਜ਼ਿਲ ‘ਤੇ ਸੀ। 2 ਮਰੀਜ਼ਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੋਵੇਂ ਜ਼ਖਮੀ ਖਤਰੇ ਤੋਂ ਬਾਹਰ ਹਨ। ਆਗਰਾ ਦੇ ਚੀਫ ਮੈਡੀਕਲ ਅਫਸਰ (ਸੀਐੱਮਓ) ਅਰੁਣ ਸ੍ਰੀਵਾਸਤਵ ਨੇ ਦੱਸਿਆ ਕਿ ਹਸਪਤਾਲ ਦੇ ਮਾਲਕ ਰੰਜਨ (45), ਉਸ ਦੀ ਧੀ ਸ਼ਾਲੂ (17) ਅਤੇ ਪੁੱਤਰ ਰਿਸ਼ੀ (14) ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੋਵੇਂ ਜ਼ਖ਼ਮੀ ਹਸਪਤਾਲ ਦੇ ਮਾਲਕ ਦੇ ਪਰਿਵਾਰਕ ਮੈਂਬਰ ਵੀ ਹਨ ਪਰ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।