ਪਟਨਾ, 16 ਜੂਨ
‘ਅਗਨੀਪਥ’ ਸਕੀਮ ਖ਼ਿਲਾਫ਼ ਬੀਤੇ ਦਿਨੀਂ ਸ਼ੁਰੂ ਹੋਈ ਹਿੰਸਾ ਅੱਜ ਬਿਹਾਰ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਫੈਲ ਗਈ। ਏਡੀਜੀਪੀ (ਕਾਨੂੰਨ ਵਿਵਸਥਾ) ਸੰਜੈ ਸਿੰਘ ਨੇ ਦੱਸਿਆ ਕਿ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 125 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨਾਲ ਹੋਈ ਝੜਪ ਵਿੱਚ ਘੱਟੋ ਘੱਟ 16 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਭਾਜਪਾ ਦੇ ਇੱਕ ਵਿਧਾਇਕ ਦੇ ਛਪਰਾ ਸਥਿਤ ਘਰ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਤੋੜ-ਫੋੜ ਕੀਤੀ, ਜਦਕਿ ਨਵਾਦਾ ਵਿੱਚ ਭਾਜਪਾ ਦੇ ਦਫ਼ਤਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
ਸਾਬਕਾ ਉਪ ਮੁੱਖ ਮੰਤਰੀ ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਛੱਪਰਾ ਦੇ ਭਾਜਪਾ ਵਿਧਾਇਕ ਸੀਐੱਨ ਗੁਪਤਾ ਦੇ ਘਰ ’ਤੇ ਹਮਲੇ, ਵਾਰਸਲੀਗੰਜ ਦੀ ਵਿਧਾਇਕਾ ਅਰੁਣਾ ਦੇਵੀ ਦੀ ਗੱਡੀ ਦੀ ਭੰਨ ਤੋੜ, ਨਵਾਦਾ ਵਿੱਚ ਭਾਜਪਾ ਦਫ਼ਤਰ ਨੂੰ ਅੱਗ ਲਾਉਣ ਅਤੇ ਮਧੂਬਨੀ ਦਫ਼ਤਰ ਵਿੱਚ ਤੋੜ ਫੋੜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।