ਨਵੀਂ ਦਿੱਲੀ: ਜਾਨ ਨੂੰ ਖ਼ਤਰਾ ਮਹਿਸੂਸ ਹੋਣ ਉਤੇ ਅਫ਼ਗਾਨਿਸਤਾਨ ਵਿਚੋਂ ਹਿੰਦੂਆਂ ਤੇ ਸਿੱਖਾਂ ਦੇ ਭੱਜਣ ਦੇ ਸੰਦਰਭ ਵਿਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਨਾਗਰਿਕਤਾ ਸੋਧ ਬਿੱਲ (ਸੀਏਏ) ਦੀ ਲੋੜ ਨੂੰ ਉਭਾਰਿਆ ਹੈ। ਸੀਨੀਅਰ ਭਾਜਪਾ ਆਗੂ ਪੁਰੀ ਨੇ ਟਵੀਟ ਕੀਤਾ ‘ਸਾਡੇ ਗੁਆਂਢ ਵਿਚ ਹੋਈ ਗੜਬੜੀ ਤੇ ਜਿਸ ਤਰੀਕੇ ਨਾਲ ਹਿੰਦੂ ਤੇ ਸਿੱਖ ਇਸ ਦਹਿਸ਼ਤ ਦੇ ਸਮੇਂ ਵਿਚੋਂ ਗੁਜ਼ਰ ਰਹੇ ਹਨ, ਇਹ ਸਭ ਦੱਸਦਾ ਹੈ ਕਿ ਸੀਏਏ ਕਿਉਂ ਜ਼ਰੂਰੀ ਹੈ।’ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੂਦੀਨ ਓਵੈਸੀ ਨੇ ਕੇਂਦਰੀ ਮੰਤਰੀ ਪੁਰੀ ਦੇ ਬਿਆਨ ਲਈ ਉਨ੍ਹਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਮੁੱਦੇ ਉਤੇ ਪੁਰੀ ਲੋਕਾਂ ਨੂੰ ‘ਗੁਮਰਾਹ’ ਕਰ ਰਹੇ ਹਨ। ਓਵੈਸੀ ਨੇ ਕਿਹਾ ਕਿ ਸੀਏਏ ਬਿਨਾਂ ਦਸਤਾਵੇਜ਼ਾਂ ਵਾਲੇ ਅਵਾਸੀਆਂ ਲਈ ਹੈ। ਇਸ ਤੋਂ ਇਲਾਵਾ ਕਾਨੂੰਨ 2014 ਤੋਂ ਬਾਅਦ ਲਈ ਨਹੀਂ ਹੈ। ਹੁਣ ਭਾਰਤ ਆਉਣ ਵਾਲੇ ਲੋਕਾਂ ਦੀ ਮਦਦ ਇਹ ਕਿਸ ਤਰ੍ਹਾਂ ਕਰੇਗਾ। ਉਨ੍ਹਾਂ ਸਵਾਲ ਕੀਤਾ ਕਿ ਕੀ ਪੁਰੀ ਨੇ ਆਪਣੀ ਹੀ ਸਰਕਾਰ ਦਾ ਬਣਾਇਆ ਕਾਨੂੰਨ ਨਹੀਂ ਪੜ੍ਹਿਆ। -ਪੀਟੀਆਈ