ਨਵੀਂ ਦਿੱਲੀ, 21 ਸਤੰਬਰ
ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਨੇ ਵਿੱਤੀ ਵਰ੍ਹੇ 2023 ਲਈ ਭਾਰਤ ਦੀ ਜੀਡੀਪੀ ਦਰ ਦੇ ਪਹਿਲਾਂ ਲਾਏ ਅਨੁਮਾਨ ਨੂੰ ਘਟਾ ਕੇ ਸੱਤ ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੈਂਕ ਨੇ ਵਿਕਾਸ ਦਰ 7.2 ਪ੍ਰਤੀਸ਼ਤ ਰਹਿਣ ਬਾਰੇ ਕਿਹਾ ਸੀ। ਜੀਡੀਪੀ ਦਰ ਘਟਣ ਲਈ ਮਹਿੰਗਾਈ ਤੇ ਸਖ਼ਤ ਮੁਦਰਾ ਨੀਤੀ ਦਾ ਹਵਾਲਾ ਦਿੱਤਾ ਗਿਆ ਹੈ। ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਵਿਚ ਭਾਰਤ ਦਾ ਅਰਥਚਾਰਾ ਸਾਲ-ਦਰ-ਸਾਲ ਦੇ ਅਧਾਰ ’ਤੇ 13.5 ਪ੍ਰਤੀਸ਼ਤ ਦੇ ਹਿਸਾਬ ਨਾਲ ਵਧਿਆ ਸੀ। ਇਸ ਤੋਂ ਸੇਵਾਵਾਂ ਦਾ ਤੇਜ਼ ਵਿਕਾਸ ਝਲਕਿਆ ਸੀ। ਏਡੀਬੀ ਨੇ ਕਿਹਾ ਕਿ ਮਹਿੰਗਾਈ ’ਚ ਵਾਧਾ ਘਰੇਲੂ ਖ਼ਪਤ ਉਤੇ ਅਸਰ ਪਾ ਰਿਹਾ ਹੈ। ਆਲਮੀ ਪੱਧਰ ’ਤੇ ਸੁਸਤ ਮੰਗ ਅਤੇ ਵਧੀਆਂ ਹੋਈਆਂ ਤੇਲ ਕੀਮਤਾਂ ਕੁੱਲ ਬਰਾਮਦ ਉਤੇ ਵੀ ਅਸਰ ਪਾਉਣਗੀਆਂ। ਏਡੀਬੀ ਦੀ ਰਿਪੋਰਟ ਮੁਤਾਬਕ ਯੂਕਰੇਨ ਉਤੇ ਰੂਸ ਦੇ ਹਮਲੇ ਤੋਂ ਬਾਅਦ ਵੀ ਮਹਿੰਗਾਈ ਵਧੀ ਹੈ। ਇਸ ਤੋਂ ਇਲਾਵਾ ਜ਼ਿਆਦਾ ਗਰਮੀ ਤੇ ਮਗਰੋਂ ਮੀਂਹ ਵੀ ਮਹਿੰਗਾਈ ਦਾ ਕਾਰਨ ਬਣ ਰਹੇ ਹਨ। ਬੈਂਕ ਨੇ ਕਿਹਾ ਕਿ ਮਹਿੰਗਾਈ ਅੰਦਾਜ਼ੇ ਨਾਲੋਂ ਵੱਧ ਸਮਾਂ ਬਰਕਰਾਰ ਹੈ, ਤੇ ਇਸ ਕਾਰਨ ਸਰਕਾਰ ਨੂੰ ਮੁਦਰਾ ਨੀਤੀ ਕਰੜੀ ਕਰਨੀ ਪਈ ਹੈ। ਜ਼ਿਕਰਯੋਗ ਹੈ ਕਿ ਅਪਰੈਲ-ਜੂਨ ਦੌਰਾਨ ਭਾਰਤ ਵਿਚ ਮਹਿੰਗਾਈ ਦੀ ਦਰ ਔਸਤਨ 7.3 ਪ੍ਰਤੀਸ਼ਤ ਸੀ। ਜੁਲਾਈ ਤੇ ਅਗਸਤ ਵਿਚ ਆਰਬੀਆਈ ਨੇ ਮਹਿੰਗਾਈ ਨੂੰ 2-6 ਪ੍ਰਤੀਸ਼ਤ ਵਿਚਾਲੇ ਰੋਕਣ ਦਾ ਟੀਚਾ ਮਿੱਥਿਆ ਸੀ, ਪਰ ਮਹਿੰਗਾਈ ਇਸ ਸੀਮਾ ਤੋਂ ਉਪਰ ਬਣੀ ਰਹੀ। ਅਜਿਹਾ ਖਾਧ ਪਦਾਰਥਾਂ ਦੀਆਂ ਕੀਮਤਾਂ ਵਧਣ ਕਾਰਨ ਵੀ ਹੋਇਆ। -ਪੀਟੀਆਈ