ਨਵੀਂ ਦਿੱਲੀ, 13 ਸਤੰਬਰ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੂਸੀ ਪੈਟਰੋਲੀਅਮ ਕੰਪਨੀ ਰੋਜ਼ਨੇਫਟ ਦੇ ਹੈੱਜ ਫੰਡ ’ਚ ਨਿਵੇਸ਼ ਕਰਨ ਦੇ ਨਾਂ ’ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਮੁਲਜ਼ਮ ਆਸ਼ੀਸ਼ ਮਲਿਕ ਨੂੰ ਗ੍ਰਿਫਤਾਰ ਕੀਤਾ ਹੈ। ਈਡੀ ਨੇ ਉਸ ਨੂੰ 10 ਸਤੰਬਰ ਨੂੰ ਤਿਹਾੜ ਜੇਲ੍ਹ ਤੋਂ ਹਿਰਾਸਤ ਵਿੱਚ ਲਿਆ ਸੀ। ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਵੱਲੋਂ ਇਸ ਸਬੰਧੀ ਕੀਤੀ ਜਾ ਰਹੀ ਜਾਂਚ ਦੇ ਮੱਦੇਨਜ਼ਰ ਉਹ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ।
ਈਡੀ ਨੇ ਕਿਹਾ, ‘‘ਮੁਲਜ਼ਮ ਅਸ਼ੀਸ਼ ਮਲਿਕ ਅਤੇ ਉਸ ਦੇ ਦੋ ਹੋਰ ਸਾਥੀਆਂ ਸੁਨੀਲ ਸਿੰਘ ਅਤੇ ਸੰਦੀਪ ਕੌਸ਼ਿਕ ਨੇ ਰੋਜ਼ਨੇਫਟ ਹੈੱਜ ਫੰਡ ਵਿੱਚ ਨਿਵੇਸ਼ ਕਰਨ ’ਤੇ ਹਰ ਮਹੀਨੇ 20 ਫੀਸਦ ਰਕਮ ਵਾਪਸੀ ਦਾ ਵਾਅਦਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੋ ਕ੍ਰਿਪਟੋ ਸਿੱਕੇ ਵੀ ਸ਼ੁਰੂ ਕੀਤੇ ਸਨ।’’ -ਪੀਟੀਆਈ