ਨਵੀਂ ਦਿੱਲੀ, 10 ਮਾਰਚ
ਸਵਰਾਜ ਇੰਡੀਆ ਦੇ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਯੋਗੇਂਦਰ ਯਾਦਵ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦੀ ਪੰਜਾਬ ਚੋਣਾਂ ਵਿੱਚ ਕਾਰਗੁਜ਼ਾਰੀ ਨੂੰ ‘ਪ੍ਰਭਾਵਸ਼ਾਲੀ ਤੇ ਅਸਾਧਾਰਨ’ ਕਰਾਰ ਦਿੱਤਾ ਹੈ। ਯਾਦਵ ਨੇ ਕਿਹਾ ਕਿ ‘ਆਪ’ ਨੂੰ ਮਿਲੀ ਜਿੱਤ ਚੋਣ ਸੰਗਰਾਮ ਵਿੱਚ ਮਿਲੀ ਸਫ਼ਲਤਾ ਦੀ ਥਾਂ ‘ਪੂਰੇ ਸਿਆਸੀ ਨਿਜ਼ਾਮ’ ਖਿਲਾਫ਼ ਮਿਲਿਆ ਫ਼ਤਵਾ ਹੈ।
ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ ਕਿ ਰਾਜ ਦੇ ਲੋਕਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਹੱਕ ਵਿੱਚ ਫਤਵਾ ਦਿੱਤਾ ਕਿਉਂਕਿ ਪਾਰਟੀ ਖੁ਼ਦ ਨੂੰ ‘ਇੱਕੋ-ਇੱਕੋ ਪ੍ਰਤੱਖ ਸਿਆਸੀ ਬਦਲ’ ਵਜੋਂ ਪੇਸ਼ ਕਰਨ ਵਿੱਚ ਸਫ਼ਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ਵਿੱਚ ਆਉਣ ਮਗਰੋਂ ‘ਆਪ’ ਨੂੰ ਪੰਜ ਅਹਿਮ ਚੁਣੌਤੀਆਂ ਦਰਪੇਸ਼ ਰਹਿਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ‘ਸੰਘਵਾਦ ਤੇ ਖੇਤਰੀ ਭਾਵਨਾਵਾਂ ਦੇ ਸਤਿਕਾਰ’ ਨੂੰ ਸਮਝਣਾ ਹੋਵੇਗਾ ਕਿਉਂਕਿ ਪੰਜਾਬ ਨੇ ਹਮੇਸ਼ਾ ਕੇਂਦਰ ਦੇ ਕੰਟਰੋਲ ਨੂੰ ‘ਤ੍ਰਿਸਕਾਰਿਆ’ ਤੇ ‘ਦਿੱਲੀ ਦਰਬਾਰ’ ਦੇ ਕੰਟਰੋਲ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ ‘ਦਿੱਲੀ ਦਰਬਾਰ’ ਹੈ, ਜਿਸ ਦੀ ਕਮਾਨ ਦਿੱਲੀ ਹੱਥ ਹੈ। ਯਾਦਵ ਨੇ ਕਿਹਾ, ‘‘ਇਹ ਕਹਿਣ ਦੀ ਲੋੜ ਨਹੀਂ ਕਿ ਪੰਜਾਬ ਵਿੱਚ ਆਪ ਦੀ ਜਿੱਤ ਸ਼ਾਨਦਾਰ ਤੇ ਅਸਾਧਾਰਨ ਹੈ। ਅਸਲ ਸਵਾਲ ਇਹ ਹੈ ਕਿ ਕੀ ਇਹ ਆਮ ਆਦਮੀ ਪਾਰਟੀ ਦੀ ਸਫ਼ਲਤਾ ਹੈ ਜਾਂ ਫਿਰ ਪੂਰੇ ਸਿਆਸੀ ਨਿਜ਼ਾਮ ਦੀ ਨਾਕਾਮੀ ਹੈ।’’
ਯਾਦਵ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ‘ਆਪ’ ਵਿੱਚ ਵੰਡੀਆਂ ਪਈਆਂ ਰਹੀਆਂ। ਆਗੂ ਇਕ ਇਕ ਕਰਕੇ ਲਾਂਭੇ ਹੁੰਦੇ ਗਏ ਤੇ ਪਾਰਟੀ ਕੋਈ ਵੀ ਅੰਦੋਲਨ ਜਾਂ ਸੰਘਰਸ਼ ਸ਼ੁਰੂ ਕਰਨ ਵਿੱਚ ਨਾਕਾਮ ਰਹੀ। ਉਨ੍ਹਾਂ ਕਿਹਾ, ‘‘ਪਿਛਲੇ ਪੰਜ ਸਾਲਾਂ ’ਚ ਇਸ ਨੇ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਈ। ਬਾਵਜੂਦ ਇਸ ਦੇ ਉਸ ਨੇ ਸੱਤਾ ਵਿੱਚ ਵਾਪਸੀ ਕੀਤੀ। ਮੇਰਾ ਮੰਨਣਾ ਹੈ ਕਿ ਇਹ ਸਿਆਸੀ ਨਿਜ਼ਾਮ ਖਿਲਾਫ਼ ਫ਼ਤਵਾ ਸੀ, ਜਿਸ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਦੀ ਸ਼ਕਲ ਲੈ ਲਈ।’’ ਯਾਦਵ ਨੇ ਕਿਹਾ ਕਿ ਇਹ ‘ਆਪ’ ਲਈ ‘ਆਸ ਦੀ ਵੋਟ’ ਹੈ ਕਿਉਂਕਿ ਲੋਕਾਂ ਨੂੰ ਲੱਗਿਆ ਕਿ ‘ਘੱਟੋ ਘੱਟੋ ਇਹ ਨਵੇਂ ਉਮੀਦਵਾਰ’ ਹੋਰਨਾਂ ਨਾਲੋਂ ਤਾਂ ਵਧੀਆ ਹੋਣਗੇ। ਪਾਰਟੀ ਦੀ ਕਾਰਗੁਜ਼ਾਰੀ ਦਾ ਸਿਹਰਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਿਰ ਬੰਨਣ ਬਾਰੇ ਪੁੱਛਣ ’ਤੇ ਯਾਦਵ ਨੇ ਕਿਹਾ ਕਿ ਕੇਜਰੀਵਾਲ ਨੇ ‘ਸਥਿਰਤਾ ਤੇ ਸਿਆਸੀ ਸਿਆਣਪ’ ਵਿਖਾਉਣ ਦੇ ਨਾਲ ਆਪਣੀ ਪਾਰਟੀ ਨੂੰ ਇਕ ਬਦਲ ਵਜੋਂ ਇਕਜੁੱਟ ਰੱਖਿਆ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਮਿਲੀ ਸਫ਼ਲਤਾ ਨਾਲ ਉਸ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਪੈਣ ਦੇ ਨਾਲ ਚੁਣੌਤੀਆਂ ਵੀ ਦਰਪੇਸ਼ ਰਹਿਣਗੀਆਂ। -ਪੀਟੀਆਈ
‘ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਨੇ ‘ਆਪ’ ਲਈ ਜ਼ਮੀਨ ਤਿਆਰ ਕੀਤੀ’
ਯਾਦਵ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਕਿਸਾਨ ਅੰਦੋਲਨ ਨੇ ‘ਆਪ’ ਲਈ ਜ਼ਮੀਨ ਤਿਆਰ ਕੀਤੀ, ਜਿਸ ਉੱਤੇ ਪਾਰਟੀ ਵੱਲੋਂ ਹੁਣ ਜੇਤੂ ਮਾਰਚ ਕੱਢਿਆ ਜਾ ਰਿਹੈ। ਯਾਦਵ ਨੇ ਕਿਹਾ ਕਿ ਸ਼ਹਿਰੀ ਪਾਰਟੀ ਹੋਣ ਕਰਕੇ ਉਨ੍ਹਾਂ ਨੂੰ ਖੇਤੀ ਬਾਰੇ ਕੋਈ ਸਮਝ ਨਹੀਂ ਹੈ, ਲਿਹਾਜ਼ਾ ਖੇਤੀ, ਕਿਸਾਨਾਂ, ਉਨ੍ਹਾਂ ਦੀਆਂ ਲੋੜਾਂ ਤੇ ਸੁਭਾਅ ਨੂੰ ਸਮਝਣਾ ਦੂਜੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਨੂੰ ‘ਹਿੰਦੂਆਂ ਨਾਲੋਂ ਸਿੱਖਾਂ ਨੇ ਵੱਧ ਵੋਟਾਂ ਪਾਈਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਘੱਟਗਿਣਤੀਆਂ ਦੀਆਂ ਭਾਵਨਾਵਾਂ ਤੇ ਖਾਹਿਸ਼ਾਂ ਨਾਲ ਵੀ ਨਿਆਂ ਕਰਨਾ ਹੋਵੇਗਾ।