ਨਵੀਂ ਦਿੱਲੀ, 10 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦੀ ਦਾਅਵੇਦਾਰੀ ਲਈ ਆਗਾਮੀ ਦੋ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ ਜੋ ਇਸ ਵਰ੍ਹੇ ਦੇ ਆਖਿਰ ਜਾਂ ਅਗਲੇ ਵਰ੍ਹੇ ਦੀ ਸ਼ੁਰੂਆਤ ਵਿੱਚ ਹੋਣਗੇ। ਚੋਣ ਕਮਿਸ਼ਨ ਦੇ ਇਕ ਸਾਬਕਾ ਅਧਿਕਾਰੀ ਨੇ ਚੋਣ ਨਿਸ਼ਾਨ(ਰਾਖਵਾਂਕਰਨ ਅਤੇ ਵੰਡ)ਨਿਰਦੇਸ਼ ਦੀਆਂ ਤਜਵੀਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਪਣੇ ਆਪ ਰਾਸ਼ਟਰੀ ਪਾਰਟੀ ਬਣਨ ਲਈ ਕਿਸੇ ਵੀ ਪਾਰਟੀ ਨੂੰ ਚਾਰ ਸੂਬਿਆਂ ਵਿੱਚ ਖੇਤਰੀ ਪਾਰਟੀ ਬਣਨ ਦੀ ਲੋੜ ਹੁੰਦੀ ਹੈ। ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਦਿੱਲੀ ਅਤੇ ਪੰਜਾਬ ਵਿੱਚ ਸੂਬਾਈ ਪਾਰਟੀ ਹੈ। ਉਹ ਦਿੱਲੀ ਵਿੱਚ ਸੱਤਾ ’ਚ ਹੈ ਅਤੇ ਪੰਜਾਬ ਵਿੱਚ ਸੱਤਾ ’ਤੇ ਕਾਬਜ਼ ਹੋਣ ਜਾ ਰਹੀ ਹੈ। ਉਸ ਨੂੰ ਦੋ ਹੋਰ ਸੂਬਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ।-ਏਜੰਸੀ