ਨਵੀਂ ਦਿੱਲੀ, 9 ਅਗਸਤ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਗੋਆ ਵਿੱਚ ਫਰਵਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਦੇ ਆਧਾਰ ’ਤੇ ਚੋਣ ਕਮਿਸ਼ਨ ਵੱਲੋਂ ਪਾਰਟੀ ਨੂੰ ਸੂਬੇ ਵਿੱਚ ਸੂਬਾਈ ਪਾਰਟੀ ਵਜੋਂ ਮਾਨਤਾ ਦੇ ਦਿੱਤੀ ਗਈ ਹੈ। ਪਾਰਟੀ ਨੂੰ ਦਿੱਲੀ ਤੇ ਪੰਜਾਬ ਵਿੱਚ ਸੂਬਾਈ ਪਾਰਟੀ ਵਜੋਂ ਮਾਨਤਾ ਹਾਸਲ ਹੈ, ਜਿੱਥੇ ਇਹ ਸੱਤਾ ’ਚ ਹੈ। ਚੋਣ ਕਮਿਸ਼ਨ ਤੋਂ ਮਿਲੀ ਸੂਚਨਾ ਦੇ ਹਵਾਲੇ ਨਾਲ ਸ੍ਰੀ ਕੇਜਰੀਵਾਲ ਨੇ ਕਿਹਾ,‘ਦਿੱਲੀ ਤੇ ਪੰਜਾਬ ਮਗਰੋਂ, ‘ਆਪ’ ਨੂੰ ਗੋਆ ਵਿੱਚ ਵੀ ਸੂਬਾਈ ਪਾਰਟੀ ਵਜੋਂ ਮਾਨਤਾ ਮਿਲ ਗਈ ਹੈ। ਉਨ੍ਹਾਂ ਕਿਹਾ,‘ਜੇਕਰ ਸਾਨੂੰ ਇੱਕ ਹੋਰ ਸੂਬੇ ਵਿੱਚ ਮਾਨਤਾ ਮਿਲ ਗਈ ਤਾਂ ‘ਆਪ’ ਨੂੰ ਸਰਕਾਰੀ ਤੌਰ ’ਤੇ ਕੌਮੀ ਪਾਰਟੀ ਐਲਾਨ ਦਿੱਤਾ ਜਾਵੇਗਾ।’ ਸ੍ਰੀ ਕੇਜਰੀਵਾਲ ਵੱਲੋਂ ਟਵਿਟਰ ’ਤੇ ਪਾਏ ਚੋਣ ਕਮਿਸ਼ਨ ਦੇ ਪੱਤਰ ਮੁਤਾਬਕ ਗੋਆ ਵਿੱਚ ਫਰਵਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਦੇ ਆਧਾਰ ’ਤੇ ਕਮਿਸ਼ਨ ਵੱਲੋਂ ਪਾਰਟੀ ਨੂੰ ਸੂਬਾਈ ਪਾਰਟੀ ਵਜੋਂ ਮਾਨਤਾ ਦੇ ਦਿੱਤੀ ਗਈ ਹੈ।’ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਮੁਤਾਬਕ ਇਸ ਸਬੰਧ ’ਚ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਸ੍ਰੀ ਕੇਜਰੀਵਾਲ ਨੇ ਪਾਰਟੀ ਕਾਰਕੁਨਾਂ ਨੂੰ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ ਤੇ ‘ਆਪ’ ਅਤੇ ਇਸਦੀ ਵਿਚਾਰਧਾਰਾ ’ਤੇ ਵਿਸ਼ਵਾਸ ਪ੍ਰਗਟਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਗੋਆ ਵਿਧਾਨ ਸਭਾ ਚੋਣਾਂ ਵਿੱਚ ਦੋ ਸੀਟਾਂ ਜਿੱਤੀਆਂ ਸਨ, ਜਿਸ ਮੁਤਾਬਕ ਪਾਰਟੀ ਨੇ ਵੋਟਿੰਗ ਦੌਰਾਨ ਸਮੁੱਚੇ ਤੌਰ ’ਤੇ 6.77 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ।-ਪੀਟੀਆਈ