ਪਰਸ਼ੋਤਮ ਬੱਲੀ
ਬਰਨਾਲਾ, 29 ਅਕਤੂਬਰ
ਤਰਕਸ਼ੀਲ, ਮਾਨਵਵਾਦੀ ਤੇ ਵਿਗਿਆਨਕ ਸੋਚ ਨੂੰ ਪ੍ਰਣਾਈਆਂ ਧਰਮ ਨਿਰਪੱਖ ਜਥੇਬੰਦੀਆਂ ਦੀ ਕੌਮੀ ਸੰਸਥਾ ‘ਫੀਰਾ’ ਦੀ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਅੱਜ ਇਥੇ ਤਰਕਸ਼ੀਲ ਭਵਨ ਵਿਖੇ ਆਰੰਭ ਹੋਈ। ਕਾਨਫਰੰਸ ਵਿੱਚ ਉੜੀਸਾ, ਝਾਰਖੰਡ, ਕੇਰਲਾ,ਅਸਾਮ,ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤਿਲੰਗਾਨਾ, ਆਂਧਰਾ ਪ੍ਰਦੇਸ਼ ਤੇ ਪੰਜਾਬ ਸਮੇਤ ਕੁੱਲ 18 ਰਾਜਾਂ ਦੇ 350 ਡੈਲੀਗੇਟ ਸ਼ਾਮਲ ਹੋਏ।
ਕਾਨਫਰੰਸ ਦਾ ਉਦਘਾਟਨ ਕਰਦਿਆਂ ਪੰਜਾਬੀ ਯੂਨਿਵਰਸਿਟੀ ਦੇ ਉੱਪ ਕੁਲਪਤੀ ਪ੍ਰੋਫੈਸਰ ਅਰਵਿੰਦ ਨੇ ਤਰਕਸ਼ੀਲਤਾ ਤੇ ਵਿਗਿਆਨਕ ਸੋਚ ਦੇ ਬੁਨਿਆਦੀ ਸੰਕਲਪਾਂ ’ਤੇ ਚਰਚਾ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਕੌਮਾਂਤਰੀ ਜਥੇਬੰਦੀ ਹਿਊਮਨਿਸਟ ਇੰਟਰਨੈਸ਼ਨਲ ਦੇ ਨੁਮਾਇੰਦੇ ਉੱਤਮ ਨਿਰੌਲਾ ਨੇਪਾਲ ਨੇ ਆਖਿਆ ਕਿ ਚਾਹੇ ਅੱਜ ਭਾਰਤ ਦੀ ਸਿਆਸਤ ਵਿੱਚ ਮੂਲਵਾਦੀ ਤਾਕਤਾਂ ਦਾ ਬੋਲਬਾਲਾ ਹੈ ਪਰ ਮਾਨਵਵਾਦੀ ਤੇ ਤਰਕਸ਼ੀਲ ਸੋਚ ਦੀਆਂ ਜੜ੍ਹਾਂ ਵੀ ਬਹੁਤ ਮਜਬੂਤ ਹਨ। ਕਾਨਫਰੰਸ ਵਿੱਚ ਹਿਊਮਨਿਸਟ ਇੰਟਰਨੈਸ਼ਨਲ ਦੇ ਪ੍ਰਧਾਨ ਐਂਡਰਿਊ ਕੌਪਸਨ ਵੀਡੀਓ ਸੰਦੇਸ਼ ਰਾਹੀਂ ਡੈਲੀਗੇਟਾਂ ਦੇ ਰੂਬਰੂ ਹੋਏ। ਮੰਚ ਸੰਚਾਲਨ ਸੁਸਾਇਟੀ ਦੇ ਕੌਮੀ ਕੌਮਾਂਤਰੀ ਵਿਭਾਗ ਦੇ ਮੁਖੀ ਜਸਵੰਤ ਮੁਹਾਲੀ ਨੇ ਕੀਤਾ। ਕਾਨਫਰੰਸ ਵਿੱਚ ਏਸ਼ੀਅਨ ਰੈਸ਼ਨੇਲਿਸਟ ਸੁਸਾਇਟੀ ਆਫ ਬ੍ਰਿਟੇਨ ਦੇ ਨੁਮਾਇੰਦੇ ਨਿਰਮਲ ਸਿੰਘ ਸੰਘਾ, ਮੱਖਣ ਸਿੰਘ ‘ਫੀਰਾ’ ਦੇ ਕੌਮੀ ਜਨਰਲ ਸਕੱਤਰ ਡਾ. ਸੁਦੇਸ਼ ਘੋੜੇਰਾਓ, ਖਜ਼ਾਨਚੀ ਹਰਚੰਦ ਸਿੰਘ ਭਿੰਡਰ, ਤਰਕਸ਼ੀਲ ਸੁਸਾਇਟੀ ਦੇ ਪੰਜਾਬ ਸੂਬਾ ਜਥੇਬੰਦਕ ਮੁਖੀ ਹੇਮ ਰਾਜ ਸਟੈਨੋ, ਡਾ. ਅਰੀਤ, ਸੁਮੀਤ ਸਿੰਘ ਅੰਮ੍ਰਿਤਸਰ, ਡੀਨ ਭਾਸ਼ਾਵਾਂ ਡਾ. ਰਾਜਿੰਦਰ ਪਾਲ ਸਿੰਘ ਤੇ ਰਾਜ ਭਰ ਤੋਂ ਪਹੁੰਚੇ ਤਰਕਸ਼ੀਲ, ਚਿੰਤਕ ਤੇ ਸਮਾਜਿਕ ਕਾਰਕੁਨ ਮੌਜੂਦ ਸਨ।