ਗੁਹਾਟੀ, 7 ਮਈ
ਗੁਹਾਟੀ ਹਾਈ ਕੋਰਟ ਨੇ ਕਿਹਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਅਸਾਮ ਦੇ ਫੌਰਨਰਜ਼ ਟ੍ਰਿਬਿਊਨਲ ਨੇ ਇਕ ਵਾਰ ਭਾਰਤੀ ਨਾਗਰਿਕ ਐਲਾਨਿਆ ਹੈ, ਤਾਂ ਉਸ ਨੂੰ ਟ੍ਰਿਬਿਊਨਲ ਵਿਚ ਦੂਜੀ ਵਾਰ ਪੇਸ਼ ਨਹੀਂ ਕੀਤਾ ਜਾ ਸਕਦਾ ਤੇ ਵਿਦੇਸ਼ੀ ਹੋਣ ਦੀ ਮੋਹਰ ਨਹੀਂ ਲਾਈ ਜਾ ਸਕਦੀ। ਅਦਾਲਤ ਦੇ ਇਕ ਬੈਂਚ ਨੇ ਇਹ ਹੁਕਮ ਕਈ ਪਟੀਸ਼ਨਾਂ ’ਤੇ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਮਾਮਲੇ ’ਤੇ ਜਦ ਫੈਸਲਾ ਹੋ ਗਿਆ ਹੈ ਤਾਂ ਉਸ ਨੂੰ ਦੁਬਾਰਾ ਨਹੀਂ ਖੋਲ੍ਹਿਆ ਜਾ ਸਕਦਾ। ਇਸ ਦੇ ਨਾਲ ਹੀ ਬੈਂਚ ਨੇ ਹਸੀਨਾ ਭਾਨੂ ਨੂੰ ਤੇਜ਼ਪੁਰ ਜੇਲ੍ਹ ’ਚੋਂ ਰਿਹਾਅ ਕਰਨ ਦਾ ਹੁਕਮ ਦਿੱਤਾ। ਉਸ ਨੂੰ 2016 ਵਿਚ ਪਹਿਲਾਂ ‘ਭਾਰਤੀ’ ਤੇ ਮੁੜ 2021 ਵਿਚ ਉਸੇ ਟ੍ਰਿਬਿਊਨਲ ਦੁਆਰਾ ‘ਵਿਦੇਸ਼ੀ’ ਕਰਾਰ ਦਿੱਤਾ ਗਿਆ ਸੀ। ਪਟੀਸ਼ਨਕਰਤਾ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਦਾ ਹਵਾਲਾ ਦੇ ਕੇ ਅਦਾਲਤ ਗਏ ਸਨ ਜੋ ਕਿ ਅਬਦੁਲ ਕੁੱਦੁਸ ਨਾਂ ਦੇ ਇਕ ਵਿਅਕਤੀ ਨਾਲ ਜੁੜਿਆ ਹੋਇਆ ਸੀ।
ਅਦਾਲਤ ਨੇ ਹੁਕਮ ਦਿੱਤਾ ਕਿ ਟ੍ਰਿਬਿਊਨਲ ਨੂੰ ਅਜਿਹੇ ਕੇਸਾਂ ਵਿਚ ਪਹਿਲਾਂ ਇਹ ਦੇਖਣਾ ਪਵੇਗਾ ਕਿ ਕੀ ਵਿਅਕਤੀ ਨੂੰ ਪਹਿਲਾਂ ਭਾਰਤੀ ਤਾਂ ਨਹੀਂ ਗਰਦਾਨਿਆ ਗਿਆ। ਉਸੇ ਅਧਾਰ ਉਤੇ ਅੱਗੇ ਵਧਣਾ ਪਵੇਗਾ। ਜੇ ਉਸ ਨੂੰ ਪਹਿਲਾਂ ਭਾਰਤੀ ਦੱਸਿਆ ਗਿਆ ਹੈ ਤਾਂ ਕੇਸ ਦੇ ਹੋਰ ਪੱਖਾਂ ਨੂੰ ਮੁੜ ਘੋਖਣ ਦੀ ਲੋੜ ਨਹੀਂ ਹੈ। ਇਸ ਹੁਕਮ ਗੁਹਾਟੀ ਹਾਈ ਕੋਰਟ ਵੱਲੋਂ ਦਸੰਬਰ 2021 ਵਿਚ ਪਾਸ ਕੀਤੇ ਗਏ ਇਕ ਹੁਕਮ ਦੀ ਹੀ ਤਸਦੀਕ ਕਰਦਾ ਹੈ। -ਪੀਟੀਆਈ