ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੂਨ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਦੂਜੀ ਵਾਰ ਕਿਸਾਨਾਂ ਦਾ ਵੱਡਾ ਜਥਾ ਨਾਲ ਲੈ ਕੇ ਸਿੰਘੂ ਬਾਰਡਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਕਿਸਾਨ ਆਗੂ ਵੱਖ-ਵੱਖ ਦਿਨਾਂ ਵਿੱਚ ਆਪਣੀ ਅਗਵਾਈ ਹੇਠ ਵੱਡੇ ਜਥੇ ਨਾਲ ਲੈ ਕੇ ਕਿਸਾਨ ਮੋਰਚਿਆਂ ਵਿੱਚ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਹੁਣ ਕਿਸਾਨਾਂ ਕੋਲ ਸਮਾਂ ਹੈ ਕਿ ਉਹ ਮੋਰਚੇ ’ਚ ਵੱਧ-ਚੜ੍ਹ ਕੇ ਹਿੱਸਾ ਲੈ ਸਕਣ। ਇਸੇ ਫ਼ੈਸਲੇ ਤਹਿਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ 2 ਜੂਨ ਨੂੰ ਸਿੰਘੂ ਬਾਰਡਰ ਅਤੇ 3 ਜੂਨ ਨੂੰ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਜਥੇ ਲੈ ਕੇ ਪਹੁੰਚਣ ਦੀ ਡਿਊਟੀ ਲੱਗੀ ਹੈ।
ਸ੍ਰੀ ਲੱਖੋਵਾਲ ਨੇ ਕਿਹਾ ਕਿ ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਕਿਸਾਨ 3 ਜੂਨ ਨੂੰ ਟਿਕਰੀ ਬਾਰਡਰ ’ਤੇ 11 ਵਜੇ ਮੈਟਰੋ ਖੰਭਾ ਨੰ: 781 ਕੋਲ ਇਕੱਠੇ ਹੋਣਗੇ ਜਿੱਥੋਂ ਜਥਾ ਮੁੱਖ ਸਟੇਜ ਵੱਲ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਦੁਪਹਿਰ ਬਾਅਦ 3 ਵਜੇ ਟਿਕਰੀ ਬਾਰਡਰ ’ਤੇ ਹੀ ਯੂਨੀਅਨ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸਾਰੇ ਪੰਜਾਬ ਵਿੱਚੋਂ ਅਹੁਦੇਦਾਰ ਪਹੁੰਚ ਰਹੇ ਹਨ ਜਿਸ ਵਿੱਚ ਕਿਸਾਨ ਸੰਘਰਸ਼ ਬਾਰੇ ਵਿਚਾਰ ਕੀਤੀ ਜਾਵੇਗੀ। ਅੱਜ ਉਨ੍ਹਾਂ ਨਾਲ ਸਿੰਘੂ ਬਾਰਡਰ ’ਤੇ ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਪੰਜਾਬ, ਹਰਮਿੰਦਰ ਸਿੰਘ ਖਹਿਰਾ ਜਨਰਲ ਸਕੱਤਰ ਸੰਗਠਨ, ਪਰਮਿੰਦਰ ਸਿੰਘ ਪਾਲਾਮਾਜਰਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਸਾਹਾਬਾਣਾ ਜਨਰਲ ਸਕੱਤਰ ਲੁਧਿਆਣਾ, ਅਮਰੀਕ ਸਿੰਘ ਮਮਦੋਦ, ਪ੍ਰਧਾਨ ਫਿਰੋਜ਼ਪੁਰ, ਗੁਰਚਰਨ ਸਿੰਘ ਕੰਗ, ਪ੍ਰਧਾਨ ਕਪੂਰਥਲਾ ਸਮੇਤ ਹੋਰ ਜ਼ਿਲ੍ਹਿਆਂ ਦੇ ਪ੍ਰਧਾਨ ਸ਼ਾਮਲ ਹੋਏ।